ਪੰਜ ਮੋਟਰਸਾਈਕਲ, 10 ਮੋਬਾਈਲ ਫ਼ੋਨ ਅਤੇ ਖਿਡੌਣਾ ਪਿਸਤੌਲ ਬਰਾਮਦ
ਜਗਰਾਉਂ, 14 ਜਨਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ )-ਥਾਣਾ ਸਿਟੀ ਦੀ ਪੁਲਿਸ ਪਾਰਟੀ ਨੇ ਖਿਡੌਣਾ ਪਿਸਤੌਲ ਨਾਲ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 5 ਮੋਟਰਸਾਈਕਲ, 10 ਮੋਬਾਈਲ ਫ਼ੋਨ ਅਤੇ ਇੱਕ ਖਿਡੌਣਾ ਪਿਸਤੌਲ ਬਰਾਮਦ ਕੀਤਾ। ਇਨ੍ਹਾਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿੱਚ ਕੇਸ ਦਰਜ ਕੀਤਾ ਗਿਆ। ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਸੰਜੀਵ ਕਪੂਰ ਨੇ ਦੱਸਿਆ ਕਿ ਏ.ਐੱਸ.ਆਈ ਤਰਸੇਮ ਸਿੰਘ ਪੁਲਸ ਪਾਰਟੀ ਸਮੇਤ ਕਮਲ ਚੌਕ ਵਿਖੇ ਚੈਕਿੰਗ ਲਈ ਮੌਜੂਦ ਸਨ। ਉੱਥੇ ਸੂਚਨਾ ਮਿਲੀ ਕਿ ਗਲੀ ਨੰਬਰ 5 ਕਰਨੈਲ ਗੇਟ ਜਗਰਾਓਂ ਦੇ ਰਹਿਣ ਵਾਲੇ ਬਲਬੀਰ ਸਿੰਘ ਉਰਫ ਵੀਰੂ ਅਤੇ ਉਸ ਦਾ ਗੁਆਂਢੀ ਕ੍ਰਿਸ਼ਨ ਘਈ ਰਾਹਗੀਰਾਂ ਨੂੰ ਖਿਡੌਣਾ ਪਿਸਤੌਲ ਦਿਖਾ ਕੇ ਲੁੱਟਦੇ ਹਨ। ਇਸ ਸਮੇਂ ਵੀਰੂ ਅਤੇ ਘਈ ਲੁੱਟ ਦਾ ਸਾਮਾਨ ਲੈ ਕੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਲੁਧਿਆਣਾ ਵਾਲੇ ਪਾਸੇ ਜਾ ਰਹੇ ਹਨ। ਇਸ ਸੂਚਨਾ ’ਤੇ ਟੀ ਪੁਆਇੰਟ ਅਲੀਗੜ੍ਹ ਜੀ.ਟੀ ਰੋਡ ’ਤੇ ਨਾਕਾਬੰਦੀ ਕਰਕੇ ਮੋਟਰਸਾਈਕਲ ’ਤੇ ਜਾ ਰਹੇ ਦੋਵਾਂ ਨੂੰ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਉਨ੍ਹਾਂ ਕੋਲੋਂ ਚੋਰੀ ਦੇ ਪੰਜ ਮੋਟਰਸਾਈਕਲ, ਦਸ ਮੋਬਾਈਲ ਫ਼ੋਨ ਅਤੇ ਇੱਕ ਖਿਡੌਣਾ ਪਿਸਤੌਲ ਬਰਾਮਦ ਹੋਇਆ। ਥਾਣਾ ਇੰਚਾਰਜ ਅਨੁਸਾਰ ਬਲਵੀਰ ਸਿੰਘ ਖ਼ਿਲਾਫ਼ ਪਹਿਲਾਂ ਵੀ ਥਾਣਾ ਸਿਟੀ ਜਗਰਾਉਂ ਵਿੱਚ ਲੁੱਟ-ਖੋਹ ਦੇ ਦੋ ਅਤੇ ਕ੍ਰਿਸ਼ਨ ਘਈ ਖ਼ਿਲਾਫ਼ ਇੱਕ ਕੇਸ ਦਰਜ ਹੈ। ਇਨ੍ਹਾਂ ਨੂੰ ਪੁਲਿਸ ਰਿਮਾਂਡ ’ਤੇ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।