ਅੰਮ੍ਰਿਤਸਰ (ਭਗਵਾਨ ਭੰਗੂ) ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਵੀਰਵਾਰ ਸਵੇਰੇ ਦੁਬਈ ਤੋਂ ਆਈ ਸਪਾਈਸ ਜੈੱਟ ਦੀ ਉਡਾਣ ਦੀ ਜਾਂਚ ਦੌਰਾਨ 108.4 ਗ੍ਰਾਮ ਸੋਨਾ ਬਰਾਮਦ ਕੀਤਾ ਜਿਸ ਦੀ ਕੀਮਤ ਕਰੀਬ 7 ਲੱਖ 44 ਹਜ਼ਾਰ 708 ਰੁਪਏ ਹੈ। ਇਹ ਸੋਨਾ ਇਕ ਯਾਤਰੀ ਆਪਣੇ ਸਾਮਾਨ ਵਿਚ ਲੁਕਾ ਕੇ ਲਿਆਇਆ ਸੀ ਪਰ ਇਸ ਦੀ ਸੂਚਨਾ ਮਿਲਣ ’ਤੇ ਕਸਟਮ ਵਿਭਾਗ ਨੇ ਜਾਂਚ ਕੀਤੀ ਅਤੇ ਸਮਾਂ ਰਹਿੰਦੇ ਸੋਨਾ ਜ਼ਬਤ ਕਰ ਲਿਆ।ਜਾਣਕਾਰੀ ਮੁਤਾਬਕ ਸਪਾਈਸ ਜੈੱਟ ਦੀ ਫਲਾਈਟ ਨੰਬਰ ਐੱਸਜੀ 56 ਵੀਰਵਾਰ ਨੂੰ ਏਅਰਪੋਰਟ ਪਹੁੰਚੀ ਸੀ। ਇਸ ਦੌਰਾਨ ਹਰੇਕ ਉਡਾਣ ਵਿਚੋਂ ਸਾਰਾ ਸਾਮਾਨ ਬਾਹਰ ਕੱਢ ਲਿਆ ਗਿਆ। ਇਸ ਦੌਰਾਨ ਕਸਟਮ ਵਿਭਾਗ ਦੀ ਟੀਮ ਨੂੰ ਇਕ ਯਾਤਰੀ ’ਤੇ ਸ਼ੱਕ ਹੋਇਆ ਅਤੇ ਸਾਰੇ ਸਾਮਾਨ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਇਸ ਦੌਰਾਨ ਇੱਕ ਬੈਗ ਵਿਚ ਕੋਈ ਸ਼ੱਕੀ ਚੀਜ਼ ਦਿਖਾਈ ਦਿੱਤੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਸੋਨਾ ਦੁਬਈ ਤੋਂ ਤਾਰਾਂ ਦੇ ਰੂਪ ’ਚ ਲਿਆਂਦਾ ਗਿਆ ਸੀ। ਅਜਿਹੇ ’ਚ ਕਸਟਮ ਵਿਭਾਗ ਨੇ ਤੁਰੰਤ ਸੋਨਾ ਜ਼ਬਤ ਕਰ ਕੇ ਕਸਟਮ ਐਕਟ 1962 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਪਿਛਲੇ ਇਕ ਮਹੀਨੇ ਦੌਰਾਨ ਹਵਾਈ ਅੱਡੇ ’ਤੇ ਜ਼ਬਤ ਹੋਇਆ ਸੋਨਾ
ਏਅਰਪੋਰਟ ’ਤੇ ਦੁਬਈ ਤੋਂ ਸੋਨਾ ਲਿਆਉਣ ਦੀ ਤਸਕਰੀ ਲਗਾਤਾਰ ਵਧ ਰਹੀ ਹੈ, ਜਿਸ ਤਹਿਤ ਕਸਟਮ ਵਿਭਾਗ ਨੇ ਪਿਛਲੇ ਇਕ ਮਹੀਨੇ ਦੌਰਾਨ ਕਈ ਵਾਰ ਸੋਨਾ ਜ਼ਬਤ ਕੀਤਾ ਹੈ। ਦੱਸਣਯੋਗ ਕਿ 5 ਮਾਰਚ ਨੂੰ ਵੀ ਵਿਭਾਗ ਨੇ ਦੁਬਈ ਤੋਂ ਆਈ ਸਪਾਈਸ ਜੈੱਟ ਦੀ ਫਲਾਈਟ ਤੋਂ 449 ਗ੍ਰਾਮ ਸੋਨਾ ਜ਼ਬਤ ਕੀਤਾ ਸੀ, ਜਿਸ ਦੀ ਕੀਮਤ 29 ਲੱਖ ਰੁਪਏ ਸੀ। ਇਸੇ ਤਰ੍ਹਾਂ 9 ਮਾਰਚ ਨੂੰ ਸ਼ਾਰਜਾਹ ਤੋਂ ਆਈ ਫਲਾਈਟ ਤੋਂ 482 ਗ੍ਰਾਮ ਸ਼ੁੱਧ ਸੋਨਾ ਬਰਾਮਦ ਹੋਇਆ ਸੀ ਜਿਸ ਦੀ ਕੀਮਤ 31 ਲੱਖ 33 ਹਜ਼ਾਰ ਰੁਪਏ ਸੀ। ਇਸ ਤੋਂ ਪਹਿਲਾਂ 12 ਮਾਰਚ ਨੂੰ ਕੁਆਲਾਲੰਪੁਰ ਤੋਂ ਇਕ ਫਲਾਈਟ ਵਿਚ ਇਕ ਯਾਤਰੀ ਕੋਲੋਂ 92 ਲੱਖ ਰੁਪਏ ਦਾ ਸੋਨਾ ਬਰਾਮਦ ਹੋਇਆ ਸੀ। ਇਸ ਤੋਂ ਇਲਾਵਾ 14 ਮਾਰਚ ਨੂੰ ਆਈ ਫਲਾਈਟ ਦੇ ਇਕ ਯਾਤਰੀ ਕੋਲੋਂ 755 ਗ੍ਰਾਮ ਸ਼ੁੱਧ ਸੋਨਾ ਬਰਾਮਦ ਹੋਇਆ ਸੀ ਜਿਸ ਦੀ ਕੀਮਤ 49 ਲੱਖ 67 ਹਜ਼ਾਰ 900 ਰੁਪਏ ਹੈ।