ਅੰਮ੍ਰਿਤਸਰ (ਰਾਜੇਸ ਜੈਨ) ਨੈਸ਼ਨਲ ਟੈਸਟਿੰਗ ਏਜੰਸੀ ਵੱਲੋਂ 6 ਅਪ੍ਰੈਲ ਨੂੰ ਮੁਹਾਲੀ ਵਿਖੇ ਕਰਵਾਏ ਗਏ ਜੇਈਈ ਮੇਨਜ਼ ਦੇ ਪੇਪਰ ਦੌਰਾਨ ਸਿੱਖ ਵਿਦਿਆਰਥੀਆਂ ਦੇ ਕੜੇ ਉਤਰਵਾਉਣ ਤੇ ਕੜਿਆਂ ਉੱਪਰ ਟੇਪ ਲਗਾਉਣ ਦੇ ਮਾਮਲੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਨੋਟਿਸ ਲੈਂਦਿਆਂ ਪੜਤਾਲ ਦੇ ਆਦੇਸ਼ ਦਿੱਤੇ ਹਨ। ਇਸ ਸਬੰਧ ’ਚ ਪੜਤਾਲ ਦੇ ਨਾਲ-ਨਾਲ ਐਡਵੋਕੇਟ ਧਾਮੀ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਸਿੱਖਾਂ ਨਾਲ ਹੁੰਦੇ ਇਸ ਵਿਤਕਰੇ ਪ੍ਰਤੀ ਸਖ਼ਤ ਇਤਰਾਜ਼ ਪ੍ਰਗਟ ਕਰਨ ਲਈ ਵੀ ਆਖਿਆ ਹੈ।ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਇਸ ਮਾਮਲੇ ਬਾਰੇ ਦੱਸਿਆ ਕਿ ਇਕ ਸਿੱਖ ਪ੍ਰੀਖਿਆਰਥੀ ਵੱਲੋਂ ਸੰਸਥਾ ਦੇ ਧਿਆਨ ਵਿਚ ਲਿਆਂਦਾ ਗਿਆ ਹੈ ਕਿ ਉਸ ਦਾ ਮਿਤੀ 6 ਅਪ੍ਰੈਲ ਨੂੰ ਮੁਹਾਲੀ ਦੇ ਇਕ ਪ੍ਰਾਈਵੇਟ ਕੇਂਦਰ ਵਿਖੇ ਨੈਸ਼ਨਲ ਟੈਸਟਿੰਗ ਏਜੰਸੀ ਜ਼ਰੀਏ ਕਰਵਾਇਆ ਜਾਂਦਾ ਜੇਈਈ ਮੇਨਜ਼ ਦਾ ਪੇਪਰ ਸੀ। ਉਨ੍ਹਾਂ ਕਿਹਾ ਕਿ ਸਿੱਖ ਪ੍ਰੀਖਿਆਰਥੀ ਅਨੁਸਾਰ ਪੇਪਰ ਕੇਂਦਰ ਦੇ ਸਟਾਫ ਵੱਲੋਂ ਉਸ ਨੂੰ ਜ਼ਬਰਦਸਤੀ ਕੜਾ ਉਤਾਰਨ ਲਈ ਕਿਹਾ ਗਿਆ, ਜੋ ਕਿ ਬਰਦਾਸ਼ਤਯੋਗ ਨਹੀਂ ਅਤੇ ਦੇਸ਼ ਦੇ ਸੰਵਿਧਾਨ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿੱਖ ਪ੍ਰੀਖਿਆਰਥੀ ਨੇ ਇਸ ਜ਼ਬਰਦਸਤੀ ਦਾ ਵਿਰੋਧ ਕੀਤਾ ਤਾਂ ਉਸ ਦੇ ਕੜੇ ਉੱਪਰ ਟੇਪ ਲਗਾ ਕੇ ਹੀ ਉਸ ਨੂੰ ਪੇਪਰ ਵਿਚ ਬੈਠਣ ਦਿੱਤਾ ਗਿਆ। ਪ੍ਰਤਾਪ ਸਿੰਘ ਨੇ ਕਿਹਾ ਕਿ ਪ੍ਰੀਖਿਆ ਕੇਂਦਰਾਂ ਵੱਲੋਂ ਸਿੱਖ ਪ੍ਰੀਖਿਆਰਥੀਆਂ ਨਾਲ ਕੀਤਾ ਜਾਂਦਾ ਵਿਤਕਰਾ ਉਨ੍ਹਾਂ ਦੀ ਮਾਨਸਿਕਤਾ ਨੂੰ ਸੱਟ ਮਾਰਨ ਵਾਲਾ ਹੈ, ਜਿਸ ਨਾਲ ਪੇਪਰ ਵਿਚ ਕਾਰਗੁਜ਼ਾਰੀ ਉੱਤੇ ਵੀ ਅਸਰ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੜਾ ਸਿੱਖਾਂ ਦੇ ਪੰਜ ਕਕਾਰਾਂ ’ਚੋਂ ਇਕ ਕਕਾਰ ਹੈ ਅਤੇ ਇਹ ਸਿੱਖ ਪਛਾਣ, ਮੌਲਿਕ ਅਧਿਕਾਰਾਂ ਦਾ ਅਹਿਮ ਹਿੱਸਾ ਹੈ, ਜਿਸ ਨੂੰ ਇਕ ਸਿੱਖ ਦੇ ਸਰੀਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ।