ਜਗਰਾਓਂ, 16 ਅਪ੍ਰੈਲ ( ਭਗਵਾਨ ਭੰਗੂ, ਜਗਰਪੂ ਸੋਹੀ )-ਜ਼ਿਲ੍ਹਾ ਮੋਗੇ ਦੀ ਵਸਨੀਕ 48 ਸਾਲਾ ਵਿਧਵਾ ਔਰਤ ਨਾਲ ਜਗਰਾਉਂ ਅਦਾਲਤ ਦੇ ਅਹਾਤੇ ’ਚ ਵਕੀਲ ਦੇ ਚੈਂਬਰ ’ਚ ਫਾਈਨਾਂਸਰ ਵੱਲੋਂ ਬਲਾਤਕਾਰ ਕੀਤਾ ਗਿਆ। ਔਰਤ ਦੀ ਸ਼ਿਕਾਇਤ ’ਤੇ ਫਾਈਨਾਂਸਰ ਖਿਲਾਫ ਥਾਣਾ ਸਿਟੀ ਜਗਰਾਓਂ ’ਚ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਥਾਣਾ ਸਿਟੀ ਇੰਚਾਰਜ ਸਬ-ਇੰਸਪੈਕਟਰ ਸੁਰਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਅਕਤੂਬਰ 2023 ’ਚ ਉਸ ਦੇ ਪਤੀ ਦੀ ਮੌਤ ਹੋ ਗਈ ਸੀ। ਉਨ੍ਹਾਂ ਦੀ ਇੱਕ 13 ਸਾਲ ਦੀ ਬੇਟੀ ਹੈ, ਜੋ ਪੰਜਵੀਂ ਜਮਾਤ ਪਾਸ ਹੈ। ਉਸ ਨੂੰ ਅਗਲੇਰੀ ਪੜ੍ਹਾਈ ਲਈ ਪੈਸਿਆਂ ਦੀ ਲੋੜ ਸੀ, ਇਸ ਲਈ ਜਦੋਂ ਉਸ ਨੇ ਆਪਣੇ ਮੂੰਹ ਬੋਲੇ ਭਰਾ ਸੁਖਬੀਰ ਸਿੰਘ ਸੁੱਖ ਕੋਲੋਂ ਕੁਝ ਪੈਸੇ ਵਿਆਜ ’ਤੇ ਲੈਣ ਲਈ ਕਿਹਾ ਤਾਂ ਉਸ ਨੇ ਦੱਸਿਆ ਕਿ ਜਗਰਾਉਂ ਦੇ ਪਿੰਡ ਬਰਸਾਲ ਦਾ ਰਹਿਣ ਵਾਲਾ ਪਰਮਿੰਦਰ ਸਿੰਘ ਗਰੇਵਾਲ ਨਾਂ ਦਾ ਫਾਈਨਾਂਸਰ ਹੈ। ਮੈਂ ਤੁਹਾਨੂੰ ਉਸ ਤੋਂ ਪੈਸੇ ਦਲਾ ਦੇਵਾਂਗਾ। ਸੁਖਬੀਰ ਦੇ ਕਹਿਣ ’ਤੇ ਉਹ 30 ਮਾਰਚ ਨੂੰ ਸ਼ਾਮ 5 ਵਜੇ ਦੇ ਕਰੀਬ ਜਗਰਾਉਂ ਬੱਸ ਸਟੈਂਡ ’ਤੇ ਆਈ ਅਤੇ ਉਸ ਨੇ ਸੁਖਬੀਰ ਨੂੰ ਫੋਨ ਕਰਕੇ ਉਥੇ ਬੁਲਾਇਆ ਤਾਂ ਉਹ ਉਸ ਕੋਲ ਆ ਗਿਆ। ਜਦੋਂ ਸੁਖਵੀਰ ਨੇ ਉਥੋਂ ਪਰਮਿੰਦਰ ਸਿੰਘ ਗਰੇਵਾਲ ਫਾਈਨਾਂਸਰ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਜਗਰਾਉਂ ਕਚਿਹਰੀ ਵਿੱਚ ਵਕੀਲ ਦੇ ਚੈਂਬਰ ਵਿੱਚ ਬੈਠਾ ਹੈ। ਤੁਹਾਡਾ ਇੰਤਜਾਰ ਕਰ ਰਿਹਾ ਹੈ, ਤੁਸੀਂ ਉੱਥੇ ਆਓ। ਉਸ ਦੇ ਕਹਿਣ ’ਤੇ ਮੈਂ ਆਪਣੇ ਭਰਾ ਸੁਖਬੀਰ ਨਾਲ ਫਾਈਨਾਂਸਰ ਦੇ ਦੱਸੇ ਵਕੀਲ ਦੇ ਚੈਂਬਰ ’ਚ ਚਲੇ ਗਏ। ਕੁਝ ਦੇਰ ਬਾਅਦ ਜਦੋਂ ਸੁਖਬੀਰ ਦਾ ਫੋਨ ਆਇਆ ਤਾਂ ਉਹ ਘਰ ਚਲਾ ਗਿਆ ਅਤੇ ਵਕੀਲ ਵੀ ਫਾਇਨਾਂਸਰ ਨੂੰ ਇਹ ਕਹਿ ਕੇ ਚਲਾ ਗਿਆ ਕਿ ਤੁਸੀਂ ਜਾਂਦੇ ਸਮੇਂ ਕੈਬਿਨ ਨੂੰ ਤਾਲਾ ਲਗਾ ਜਾਣਾ। ਜਦੋਂ ਉਹ ਦੋਵੇਂ ਚਲੇ ਗਏ ਤਾਂ ਫਾਇਨਾਂਸਰ ਪਰਵਿੰਦਰ ਸਿੰਘ ਗਰੇਵਾਲ ਨੇ ਮੈਨੂੰ ਲੋਨ ਦੇ ਫਾਰਮ ਭਰਵਾਉਣ ਲਈ ਕਿਹਾ। ਉਹ ਮੈਨੂੰ ਚੈਂਬਰ ਦੇ ਅੰਦਰ ਇੱਕ ਕਮਰੇ ਵਿੱਚ ਲੈ ਗਿਆ। ਉਥੇ ਉਸ ਨੇ ਕਮਰੇ ਨੂੰ ਅੰਦਰੋਂ ਕੁੱਡਾ ਲਗਾ ਲਿਆ ਅਤੇ ਮੇਰੀ ਮਰਜ਼ੀ ਦੇ ਵਿਰੁੱਧ ਜ਼ਬਰਦਸਤੀ ਜਬਰ-ਜ਼ਨਾਹ ਕੀਤਾ ਅਤੇ ਬਾਅਦ ਵਿਚ ਮੈਨੂੰ ਕੈਬਿਨ ਦੇ ਬਾਹਰ ਬਿਠਾ ਕੇ ਕਿਹਾ ਕਿ ਪੈਸੇ ਦੇ ਕੇ ਤੈਨੂੰ ਭੇਜ ਦੇਵਾਂਗਾ। ਉਥੇ ਸ਼ਿਕਾਇਤਕਰਤਾ ਨੇ ਆਪਣੇ ਭਰਾ ਸੁਖਬੀਰ ਸਿੰਘ ਨੂੰ ਫੋਨ ਕਰਕੇ ਬੁਲਾਇਆ ਅਤੇ ਉਸਨੂੰ ਸਾਰੀ ਗੱਲ ਦੱਸੀ, ਜਦੋਂ ਫਾਇਨਾਂਸਰ ਨਾਲ ਸੁਖਬੀਰ ਨੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸ ਦੀ ਕਾਫੀ ਪਹੁੰਚ ਹੈ। ਜੇਕਰ ਪੈਸੇ ਦਾ ਲੈਣ-ਦੇਣ ਕਰਨਾ ਹੈ ਤਾਂ ਅਜਿਹਾ ਕੁਝ ਕਰਨਾ ਹੀ ਪੈਂਦਾ ਹੈ। ਇਸ ਤੋਂ ਬਾਅਦ ਉਸ ਨੇ ਸਿਟੀ ਥਾਣੇ ਵਿੱਚ ਆਪਣੇ ਰਿਸ਼ਤੇਦਾਰ ਨੂੰ ਨਾਲ ਲੈ ਕੇ ਫਾਇਨਾਂਸਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਪੀੜਤ ਔਰਤ ਦੀ ਸ਼ਿਕਾਇਤ ’ਤੇ ਫਾਈਨਾਂਸਰ ਪਰਮਿੰਦਰ ਸਿੰਘ ਗਰੇਵਾਲ ਵਾਸੀ ਬਰਸਾਲ ਖਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।