ਗੁਰਦਾਸਪੁਰ, 12 ਜੂਨ( ਬਿਊਰੋ)-,ਭਾਰਤ ਪਾਕਿ ਕੌਮਾਂਤਰੀ ਸਰਹੱਦ ‘ਤੇ ਤਾਇਨਾਤ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀਐੱਸਐੱਫ ਦੀ 73 ਬਟਾਲੀਅਨ ਦੀ ਬੀਓਪੀ ਚੌਕੀ ਦਰਿਆ ਮਨਸੂਰ ਤੇ ਚੌਕਸ ਬੀਐਸਐਫ ਦੇ ਜਾਂਬਾਜ਼ ਜਵਾਨਾਂ ਵੱਲੋਂ ਸਰਹੱਦ ‘ਤੇ ਉੱਡਦੇ ਪਾਕਿਸਤਾਨੀ ਸ਼ੱਕੀ ਗੁਬਾਰੇ ‘ਤੇ ਗੋਲੀਆਂ ਚਲਾ ਕੇ ਜ਼ਮੀਨ ਤੇ ਸੁੱਟਣ ਵਿਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਬੀਐਸਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਐਸਐਫ ਦੀ 73 ਬਟਾਲੀਅਨ ਦੀ ਬੀਓਪੀ ਚੌਕੀ ਦਰਿਆ ਮਨਸੂਰ ਤੇ ਤਾਇਨਾਤ ਜਵਾਨਾਂ ਵੱਲੋਂ ਰਾਤ ਤਿੰਨ ਵਜੇ ਦੇ ਕਰੀਬ ਵੱਡਾ ਸ਼ੱਕੀ ਗੁਬਾਰਾ ਪਾਕਿਸਤਾਨ ਵਾਲੀ ਤਰਫ ਤੋਂ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰਦਾ ਦੇਖਿਆ ਜਿੱਥੇ ਡਿਊਟੀ ‘ਤੇ ਤਾਇਨਾਤ ਬੀਐਸਐਫ ਜਵਾਨਾਂ ਵੱਲੋਂ 9 ਦੇ ਕਰੀਬ ਫਾਇਰ ਕਰਕੇ ਪਾਕਿ ਵੱਲੋਂ ਪਾਕਿਸਤਾਨੀ ਗੁਬਾਰੇ ਨੂੰ ਜ਼ਮੀਨ ਤੇ ਸੁੱਟ ਦਿੱਤਾ। ਇੱਥੇ ਦੱਸਣਯੋਗ ਹੈ ਕਿ ਦੂਜੀ ਤਰਫ ਪਾਕਿਸਤਾਨ ਦੀ ਬੀਓਪੀ ਤਮੂਰ ਸ਼ਾਹਿਦ ਪੋਸਟ ਪੈਂਦੀ ਹੈ। ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਸਰਹੱਦ ‘ਤੇ ਤਾਇਨਾਤ ਜਾਂਬਾਜ਼ ਜਵਾਨਾਂ ਵੱਲੋਂ ਹਮੇਸ਼ਾ ਪਾਕਿਸਤਾਨ ਵਾਲੇ ਪਾਸੇ ਤੋਂ ਆਉਣ ਵਾਲੀ ਡ੍ਰੋਨ ਤੇ ਗੁਬਾਰਿਆਂ ਨੂੰ ਭਾਰਤੀ ਖੇਤਰ ਵਿੱਚ ਪ੍ਰਵੇਸ਼ ਕਰਨ ਤੋਂ ਰੋਕ ਕੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬੇ ਫੇਲ੍ਹ ਕੀਤੇ ਹਨ। ਉਨ੍ਹਾਂ ਕਿਹਾ ਕਿ ਬੀਐਸਐਫ ਭਾਰਤ ਪਾਕਿ ਕੌਮਾਂਤਰੀ ਸਰਹੱਦ ‘ਤੇ ਪੂਰੀ ਤਰ੍ਹਾਂ ਚੌਕਸ ਹੈ ਤੇ ਦੇਸ਼ ਵਿਰੋਧੀ ਅਨਸਰਾਂ ਦੇ ਨਾਪਾਕ ਇਰਾਦਿਆਂ ਨੂੰ ਫੇਲ੍ਹ ਕਰ ਰਹੀ ਹੈ।
