ਬਰਨਾਲਾ, 12 ਜੂਨ ( ਰਾਜਨ ਜੈਨ।, ਵਿਕਾਸ ਮਠਾੜੂ)- ਦੇਰ ਰਾਤ ਸਥਾਨਕ ਬਰਨਾਲਾ-ਬਾਜਾਖਾਨਾ ਰੋਡ ‘ਤੇ ਪੈਂਦੇ ਵਾਲੀਆ ਪੈਟਰੋਲ ਪੰਪ ਦੇ ਨੇੜੇ ਕਰੀਬ ਸਾਢੇ ਦਸ ਵਜੇ ਕਾਰ ਤੇ ਮੋਟਰਸਾਈਕਲ ਵਿਚਕਾਰ ਹੋਏ ਭਿਆਨਕ ਸੜਕ ਹਾਦਸੇ ‘ਚ ਮੋਟਰਸਾਈਕਲ ਸਵਾਰ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਤਕ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਦਾ ਗੁੱਸਾ ਉਸ ਸਮੇਂ ਸੱਤਵੇਂ ਅਸਮਾਨ ‘ਤੇ ਜਾ ਚੜਿਆ, ਜਦ ਹਾਦਸੇ ਉਪਰੰਤ ਕਾਰ ‘ਤੇ ਲੱਗੀ ਨੰਬਰ ਪਲੇਟ ਕਿਸੇ ਨੇ ਲਾਹ ਦਿੱਤੀ। ਮੌਕੇ ‘ਤੇ ਪੁੱਜੀ ਪੁਲਿਸ ਵਲੋਂ ਲਾਸ਼ ਨੂੰ ਹਸਪਤਾਲ ਨਾ ਪਹੁੰਚਾਉਣ ਕਾਰਨ ਮਿ੍ਤਕ ਮਨਪ੍ਰੀਤ ਸਿੰਘ ਦੇ ਭਰਾ ਨੇ ਖੁਦ ਹੀ ਉਸਨੂੰ ਹਸਪਤਾਲ ਪਹੁੰਚਾਇਆ। ਐਤਵਾਰ ਸਵੇਰ ਹਾਦਸੇ ਵਾਲੇ ਸਥਾਨ ‘ਤੇ ਮਿ੍ਤਕ ਦੇ ਦੋਸਤਾਂ, ਮਿੱਤਰਾਂ ਤੇ ਰਿਸ਼ਤੇਦਾਰਾਂ ਦਾ ਵੱਡਾ ਇਕੱਠ ਹੋ ਗਿਆ। ਜਿੱਥੇ ਕੈਨੇਡੀਅਨ ਟੂਰ ਐਂਡ ਟ੍ਰੈਵਲ ਵਾਲਿਆਂ ‘ਤੇ ਲੋਕਾਂ ਨੇ ਗਿਲਾ ਕੀਤਾ ਕਿ ਉਨ੍ਹਾਂ ਹਾਦਸੇ ਦੇ ਜਿੰਮੇਵਾਰ ਕਾਰ ਡਰਾਈਵਰ ਨੂੰ ਆਪਣੇ ਦਫ਼ਤਰ ਅੰਦਰ ਲੁਕੋਇਆ ਹੋਇਆ ਹੈ। ਲੋਕ ਦਫਤਰ ਨੂੰ ਖੋਲ੍ਹ ਕੇ ਦਿਖਾਉਣ ਲਈ ਜਿੱਦ ਕਰਨ ਲੱਗੇ, ਇਸੇ ਦੌਰਾਨ ਮਿ੍ਤਕ ਦੇ ਵਾਰਿਸਾਂ ਤੇ ਟੂਰ ਐਂਡ ਟ੍ਰੈਵਲ ਵਾਲਿਆਂ ਵਿਚਕਾਰ ਪਹਿਲਾਂ ਤਕਰਾਰ ਤੇ ਫਿਰ ਹੱਥੋਪਾਈ ਤਕ ਵੀ ਹੋਈ। ਮਾਹੋਲ ਤਣਾਅਪੂਰਣ ਹੋਣ ਦੀ ਭਿਣਕ ਪੈਂਦਿਆਂ ਹੀ ਥਾਣਾ ਸਿਟੀ 1 ਬਰਨਾਲਾ ਦੇ ਐਸ.ਐਚ.ਓ ਲਖਵਿੰਦਰ ਸਿੰਘ ਦੀ ਅਗਵਾਈ ‘ਚ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚੀ, ਜ਼ਿਲ੍ਹਾਂ ਲੋਕਾਂ ਨੂੰ ਕਾਨੂੰਨੀ ਕਾਰਵਾਈ ਦਾ ਭਰੋਸਾ ਦੇ ਕੇ ਸ਼ਾਂਤ ਕੀਤਾ। ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਅਰਸ਼ਦੀਪ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ, ਸੋਹਲ ਪੱਤੀ ਨੇ ਦੱਸਿਆ ਕਿ ਉਸ ਦਾ ਭਰਾ ਮਨਪ੍ਰਰੀਤ ਸਿੰਘ ਸ਼ਨਿੱਚਰਵਾਰ ਦੀ ਰਾਤ ਕਰੀਬ ਸਾਢੇ ਦਸ ਵਜੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਘਰ ਜਾ ਰਿਹਾ ਸੀ। ਜਦੋਂ ਉਹ ਵਾਲੀਆ ਪੈਟਰੋਲ ਪੰਪ ਦੇ ਨੇੜੇ ਪਹੁੰਚਿਆ ਤਾਂ ਬੜੀ ਤੇਜ਼ ਰਫਤਾਰ ਕਾਰ ਨੰਬਰ ਐੱਚਆਰ 26 ਬੀਕਯੂ 8277 ਦੇ ਡਰਾਇਵਰ ਨੇ ਲਾਪਰਵਾਹੀ ਨਾਲ ਗਲਤ ਸਾਈਡ ‘ਤੇ ਜਾ ਕੇ ਮੋਟਰਸਾਈਕਲ ਨੂੰ ਦਰੜ ਦਿੱਤਾ। ਹਾਦਸੇ ‘ਚ ਮਨਪ੍ਰਰੀਤ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਮੌਕੇ ‘ਤੇ ਪਹੁੰਚੀ ਪਰ ਉਨ੍ਹਾਂ ਮਨਪ੍ਰਰੀਤ ਸਿੰਘ ਨੂੰ ਹਸਪਤਾਲ ਲਿਜਾਣ ਦੀ ਬਜਾਏ ਮੁਲਜ਼ਮ ਕਾਰ ਡਰਾਈਵਰ ਨੂੰ ਕੈਨੇਡੀਅਨ ਟੂਰ ਐਂਡ ਟ੍ਰੈਵਲ ਵਾਲਿਆਂ ਦੇ ਦਫਤਰ ‘ਚ ਬਿਠਾ ਦਿੱਤਾ। ਹਾਦਸੇ ਸਮੇਂ ਕਾਰ ਦੇ ਨੰਬਰ ਪਲੇਟ ਲੱਗੀ ਹੋਈ ਸੀ, ਜਿਸ ਦੀ ਫੋਟੋ ਮੌਕੇ ‘ਤੇ ਖਿੱਚੀ ਗਈ। ਪਰ ਸਵੇਰ ਤੱਕ ਕਾਰ ਤੋਂ ਨੰਬਰ ਪਲੇਟ ਉਤਾਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪੁਲਿਸ ਮੁਲਜ਼ਮ ਕਾਰ ਡਰਾਇਵਰ ਨੂੰ ਬਚਾਉਣ ‘ਤੇ ਲੱਗੀ ਹੋਈ ਹੈ। ਉੱਧਰ ਲੋਕਾਂ ਦੀ ਕੁੱਟ ਦਾ ਸ਼ਿਕਾਰ ਵਿਅਕਤੀ ਨੇ ਕਿਹਾ ਕਿ ਅਸੀਂ ਕਾਰ ਡਰਾਇਵਰ ਨੂੰ ਨਹੀਂ ਜਾਣਦੇ, ਰਾਤ ਮੌਕੇ ‘ਤੇ ਪਹੁੰਚੀ ਪੁਲਿਸ ਨੇ ਹੀ ਉਸਨੂੰ ਸਾਡੀ ਦੁਕਾਨ ‘ਚ ਬਿਠਾ ਦਿੱਤਾ ਸੀ। ਬਾਅਦ ‘ਚ ਉਹ ਚਲਾ ਗਿਆ। ਐਸ.ਐਚ.ਓ ਲਖਵਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ ਬਖਸ਼ਿਆ ਨਹੀਂ ਜਾਵੇਗਾ।
