ਫਿਰੋਜ਼ਪੁਰ,(ਭਗਵਾਨ ਭੰਗੂ- ਅਸ਼ਵਨੀ)- ਸ਼ਹੀਦੇ ਆਜਮ ਸ. ਭਗਤ ਸਿੰਘ ਦੇ ਜੀਵਨ ਅਤੇ ਉਹਨਾਂ ਦੀ ਸ਼ਹਾਦਤ ਤੋਂ ਨਵੀਂ ਪੀੜੀ ਨਾਲ ਜਾਣੂ ਕਰਵਾਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਫਿਰੋਜ਼ਪੁਰ ਵੱਲੋਂ ਡਿਪਟੀ ਕਮਿਸ਼ਨਰ ਫਿਰੋਜਪੁਰ ਸ਼੍ਰੀਮਤੀ ਅੰਮ੍ਰਿਤ ਸਿੰਘ ਆਈ. ਏ.ਐਸ. ਅਤੇ ਵਧੀਕ ਡਿਪਟੀ ਕਮਿਸ਼ਨਰ(ਜ) ਸਾਗਰ ਸੇਤੀਆ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ ਫਿਰੋਜਪੁਰ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਜਿਲ੍ਹਾ ਪੱਧਰੀ ਵਿੱਦਿਅਕ ਮੁਕਾਬਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰੇ ਕੇ ਵਿੱਚ ਕਰਵਾਏ ਗਏ,ਜਿਸ ਵਿੱਚ ਤਹਿਸੀਲ ਪੱਧਰ ਦੇ ਜੇਤੂ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਪੂਰੇ ਉਤਸ਼ਾਹ ਨਾਲ ਭਾਗ ਲਿਆ।ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਚਮਕੌਰ ਸਿੰਘ,ਜ਼ਿਲ੍ਹਾ ਸਿੱਖਿਆ ਅਫਸਰ (ਐ) ਰਾਜੀਵ ਛਾਬੜਾ,ਡਿਪਟੀ ਡੀਈਓ ਕੋਮਲ ਅਰੋੜਾ ਦੀ ਦੇਖ-ਰੇਖ ਵਿੱਚ ਪਹਿਲਾ ਇਹ ਮੁਕਾਬਲੇ ਜਿੰਨਾ ਵਿੱਚ ਲੇਖ ਮੁਕਾਬਲੇ , ਵਾਦ ਵਿਵਾਦ ਪ੍ਰਤਿਯੋਗਤਾ,ਪੇਂਟਿੰਗ ਮੁਕਾਬਲੇ ਆਦਿ ਸ਼ਾਮਿਲ ਸਨ,ਤਿੰਨਾਂ ਤਹਿਸੀਲਾਂ ਫਿਰੋਜਪੁਰ ਗੁਰੂਹਰਸਹਾਏ ਅਤੇ ਜ਼ੀਰਾ ਵਿੱਖੇ ਕਰਵਾਏ ਗਏ ਅਤੇ ਅੱਜ ਤਹਿਸੀਲ ਪੱਧਰੀ ਜੇਤੂਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਕਰਵਾਏ ਵਿਸ਼ਾਲ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ)ਸਾਗਰ ਸੇਤੀਆ ਆਈਏਐਸ ਮੁੱਖ ਮਹਿਮਾਨ ਦੇ ਰੂਪ ਵਿੱਚ ਪਹੁੰਚੇ।ਉਹਨਾਂ ਨੇ ਆਪਣੇ ਸੰਬੋਧਨ ਵਿੱਚ ਸ਼ਹੀਦ ਭਗਤ ਸਿੰਘ ਨੂੰ ਨੌਜਵਾਨਾਂ ਲਈ ਬਹੁਤ ਵੱਡਾ ਪ੍ਰੇਰਨਾ ਸਰੋਤ ਦੱਸਿਆ ਅਤੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੇ ਰਾਹ ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਅਸੀਂ ਮਿਲਜੁਲ ਕੇ ਭ੍ਰਿਸ਼ਟਾਚਾਰ, ਨਸ਼ਿਆਂ ਦੀ ਗੁਲਾਮੀ ਵਿਰੁੱਧ ਲੜੀਏ ਅਤੇ ਜਿਸ ਤਰਾ ਦਾ ਅਜ਼ਾਦੀ ਦਾ ਸੁਪਨਾ ਲੈ ਕੇ ਸਾਡੇ ਸ਼ਹੀਦ ਸ਼ਹਾਦਤ ਪ੍ਰਾਪਤ ਕਰ ਗਏ ਸਨ,ਦੇਸ਼ ਵਿੱਚ ਉਹ ਅਜ਼ਾਦੀ ਲੈ ਕੇ ਆਈਏ।ਉਹ ਵਿਦਿਆਰਥੀਆਂ ਦੁਆਰਾ ਸ਼ਹੀਦ ਭਗਤ ਸਿੰਘ ਦੀਆਂ ਬਣਾਈਆਂ ਪੇਂਟਿੰਗਾਂ ਤੋਂ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਦੀ ਨਿੱਘੀ ਪ੍ਰਸ਼ੰਸਾ ਕੀਤੀ।