ਜਗਰਾਉਂ, 18 ਅਕਤੂਬਰ ( ਸਤੀਸ਼ ਕੋਹਲੀ, ਜੱਸੀ ਢਿੱਲੋਂ)-ਬਲੌਜ਼ਮਜ਼ ਕਾਨਵੈਂਟ ਸਕੂਲ ਵਿਖੇ ਲੁਧਿਆਣਾ ਸਹੋਦਿਆ ਸਕੂਲਜ਼ ਕੰਪਲੈਕਸ ਦੇ ਦੋ ਰੋਜ਼ਾ ਲੜਕੇ-ਲੜਕੀਆਂ ਦੇ ਵਾਲੀਵਾਲ ਟੂਰਨਾਮੈਂਟ ਦੇ ਦੂਸਰੇ ਦਿਨ ਦੇ ਬਚਦੇ ਮੈਚਾਂ ਵਿਚ ਲੜਕਿਆਂ ਵਿਚੋਂ ਪੁਲਿਸ ਡੀ.ਏ.ਵੀ ਪੁਲਿਸ ਲਾਈਨ ਲੁਧਿਆਣਾ ਪਹਿਲੇ, ਬੀ.ਸੀ.ਐਮ ਸੈਕਟਰ 32 ਲੁਧਿਆਣਾ ਦੂਜੇ ਅਤੇ ਬਲੌਜ਼ਮਜ਼ ਕਾਨਵੈਂਟ ਸਕੂਲ, ਜਗਰਾਉਂ ਤੀਜੇ ਸਥਾਨ ਤੇ ਰਹੇ। ਲੜਕੀਆਂ ਵਿਚੋਂ ਡੀ.ਏ.ਵੀ ਪੱਖੋਵਾਲ ਰੋਡ ਲੁਧਿਆਣਾ ਪਹਿਲੇ, ਕੇ.ਵੀ.ਐਮ ਸਿਵਲ ਲਾਈਨਜ਼ ਲੁਧਿਆਣਾ ਦੂਜੇ ਅਤੇ ਡੀ.ਸੀ.ਐਮ ਪ੍ਰੈਜ਼ੀਡੈਸੀ ਲੁਧਿਆਣਾ ਤੀਜੇ ਸਥਾਨ ‘ਤੇ ਰਹੇ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਬਾਹਰੋਂ ਆਈਆਂ ਅੱਜ ਦੇ ਦਿਨ ਦੀਆਂ ਟੀਮਾਂ ਨੂੰ ਜੀ ਆਇਆ ਆਖਿਆ ਅਤੇ ਜੇਤੂ ਟੀਮਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਹਾਰਨ ਵਾਲੀਆਂ ਟੀਮਾਂ ਨੂੰ ਨਮੋਸ਼ੀ ਦੀ ਜਗ੍ਹਾਂ ਆਪਣੀਆਂ ਗਲਤੀਆਂ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਟੂਰਨਾਮੈਂਟ ਯਾਦਗਾਰ ਹੋ ਨਿਬੜਿਆ ਹੈ ਅਤੇ ਇਸਦੇ ਨਾਲ ਹੀ ਅਸੀਂ ਖੇਡਾਂ ਨੂੰ ਉਤਸ਼ਾਹਿਤ ਕਰਦੇ ਹੋਏ ਅੱਗੇ ਤੋਂ ਅਜਿਹੇ ਟੂਰਨਾਮੈਂਟ ਕਰਵਾਉਂਦੇ ਰਹਾਂਗੇ ਤਾਂ ਜੋ ਇਸ ਛੋਟੀ ਜਿਹੀ ਕੋਸ਼ਿਸ਼ ਸਦਕਾ ਅਸੀਂ ਦੇਸ਼ ਲਈ ਚੰਗੇ ਖਿਡਾਰੀਆਂ ਦੀ ਚੋਣ ਕਰ ਸਕੀਏ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ, ਅਜਮੇਰ ਸਿੰਘ ਰੱਤੀਆਂ ਅਤੇ ਪ੍ਰਿੰਸੀਪਲ ਡਾ:ਨਾਜ਼ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮ ਅਤੇ ਮੈਚਾਂ ਦਾ ਹਿੱਸਾ ਬਣਨ ਲਈ ਸਰਟੀਫਿਕੇਟਸ ਵੀ ਦਿੱਤੇ ਗਏ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਨੇ ਸਾਰੇ ਹੀ ਖਿਡਾਰੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੱਚੇ ਖੇਡਾਂ ਰਾਹੀ ਭੈੜੀਆਂ ਆਦਤਾਂ ਤੋਂ ਬਚੇ ਰਹਿੰਦੇ ਹਨ ਅਤੇ ਉਹ ਜ਼ਿੰਦਗੀ ਦੇ ਸਹੀ ਰਾਹ ‘ਤੇ ਤੁਰਨਾ ਵੀ ਸਿੱਖ ਜਾਂਦੇ ਹਨ। ਇਸ ਕਰਕੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਬੱਚਿਆਂ ਦਾ ਹਰ ਪੱਖ ਤੋਂ ਸਹੀ ਢੰਗ ਨਾਲ ਵਿਕਾਸ ਕੀਤਾ ਜਾ ਸਕੇ।
