ਜਗਰਾਓਂ, 21 ਨਵੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੁਲਿਸ ਨੇ ਲੁਧਿਆਣਾ ਦਿਹਾਤੀ ਦੇ ਵੱਖ-ਵੱਖ ਥਾਣਿਆਂ ਦੇ ਅਧੀਨ ਪੁਲਿਸ ਪਾਰਟੀਆਂ ਵਲੋਂ ਛਾਪੇਮਾਰੀ ਕਰਕੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 400 ਪਾਬੰਦੀਸ਼ੁਦਾ ਨਸ਼ੀਲੀਆਂ ਗੋਲੀਆਂ, 15 ਕਿਲੋ ਭੁੱਕੀ ਅਤੇ 5 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ। ਥਾਣਾ ਹਠੂਰ ਦੇ ਏ.ਐਸ.ਆਈ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਮੇਨ ਚੌਕ ਹਠੂਰ ਵਿਖੇ ਚੈਕਿੰਗ ਦੌਰਾਨ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਜਸਵੀਰ ਸਿੰਘ ਵਾਸੀ ਪਿੰਡ ਮੱਲਾ ਪਾਬੰਦੀਸ਼ੁਦਾ ਗੋਲੀਆਂ ਵੇਚਣ ਦਾ ਧੰਦਾ ਕਰਦਾ ਹੈ। ਜੋ ਕਿ ਇਸ ਸਮੇਂ ਸਪੋਰਟਸ ਗਰਾਊਂਡ ਮੱਲਾ ਵਿਖੇ ਖੜ੍ਹੇ ਗਾਹਕਾਂ ਨੂੰ ਗੋਲੀਆਂ ਸਪਲਾਈ ਕਰਨ ਲਈ ਗ੍ਰਾਹਕਾਂ ਦੀ ਉਡੀਕ ਕਰ ਰਿਹਾ ਹੈ। ਇਸ ਸੂਚਨਾ ’ਤੇ ਛਾਪਾ ਮਾਰ ਕੇ ਜਸਵੀਰ ਸਿੰਘ ਨੂੰ 400 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਥਾਣਾ ਹਠੂਰ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਟੀ ਪੁਆਇੰਟ ਚਕਰ ਰੋਡ ਪਿੰਡ ਹਠੂਰ ਪੁਲਸ ਪਾਰਟੀ ਸਮੇਤ ਉਥੇ ਮੌਜੂਦ ਸੀ। ਉਥੇ ਇਤਲਾਹ ਮਿਲੀ ਕਿ ਪ੍ਰਿਤਪਾਲ ਸਿੰਘ ਉਰਫ ਪਿਰਤਾ ਅਤੇ ਸੁਖਪਾਲ ਸਿੰਘ ਵਾਸੀ ਪਿੰਡ ਚਕਰ ਭੁੱਕੀ ਚੂਰਾ ਭੁੱਕੀ ਵੇਚਣ ਦਾ ਧੰਦਾ ਕਰਦੇ ਹਨ। ਇਸ ਸਮੇਂ ਪ੍ਰਿਤਪਾਲ ਸਿੰਘ ਦੇ ਘਰ ਉਹ ਗਾਹਕਾਂ ਨੂੰ ਭੁੱਕੀ ਦੇ ਰਹੇ ਹਨ। ਇਸ ਸੂਚਨਾ ’ਤੇ ਪੁਲਸ ਪਾਰਟੀ ਨੇ ਛਾਪਾ ਮਾਰ ਕੇ ਸੁਖਪਾਲ ਸਿੰਘ ਅਤੇ ਪ੍ਰਿਤਪਾਲ ਸਿੰਘ ਨੂੰ 15 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕੀਤਾ। ਥਾਣਾ ਸਿਟੀ ਰਾਏਕੋਟ ਤੋਂ ਸਬ ਇੰਸਪੈਕਟਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਸਮੇਤ ਪੁਲਸ ਪਾਰਟੀ ਬਰਨਾਲਾ ਚੌਕ ਰਾਏਕੋਟ ਵਿਖੇ ਚੈਕਿੰਗ ਦੌਰਾਨ ਮੌਜੂਦ ਸੀ। ਉਥੇ ਇਤਲਾਹ ਮਿਲੀ ਕਿ ਅਵਤਾਰ ਸਿੰਘ ਉਰਫ ਸੋਨੀ ਵਾਸੀ ਗੁਰੂ ਨਾਨਕ ਪੁਰਾ ਮੁਹੱਲਾ ਰਾਏਕੋਟ ਨਸ਼ੀਲਾ ਪਾਊਡਰ ਵੇਚਣ ਦਾ ਧੰਦਾ ਕਰਦਾ ਹੈ। ਉਹ ਇਸ ਸਮੇਂ ਰਾਏਕੋਟ ਜਲਾਲਦੀਵਾਲ ਰੋਡ ’ਤੇ ਸੈਕਰਡ ਹਾਰਟ ਸਕੂਲ ਦੇ ਪਿੱਛੇ ਖੜ੍ਹਾ ਹੈ। ਇਸ ਸੂਚਨਾ ’ਤੇ ਛਾਪਾ ਮਾਰ ਕੇ ਅਵਤਾਰ ਸਿੰਘ ਉਰਫ ਸੋਨੀ ਨੂੰ ਪੁਲਸ ਪਾਰਟੀ ਨੇ 5 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਕਾਬੂ ਕੀਤਾ ਹੈ।