ਮੋਗਾ, 1 ਦਸੰਬਰ: ( ਕੁਲਵਿੰਦਰ ਸਿੰਘ) -ਜ਼ਿਲ੍ਹਾ ਮੋਗਾ ਦੇ ਵੱਧ ਤੋਂ ਵੱਧ ਬੱਚਿਆਂ ਨੂੰ ਭਾਰਤੀ ਸੁਰੱਖਿਆ ਫੌਜਾਂ ਦਾ ਹਿੱਸਾ ਬਣਾਉਣ ਦੇ ਮੰਤਵ ਨਾਲ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਸਿਖਲਾਈ ਇੰਸਟੀਚਿਊਟ ਦੇ ਦਾਖਲੇ ਲਈ ਪ੍ਰਵੇਸ਼ ਪ੍ਰੀਖਿਆ ਦੀ ਮੁਫ਼ਤ ਕੋਚਿੰਗ ਸ਼ੁਰੂ ਕਰਵਾਈ ਗਈ ਹੈ। ਇਹ ਪ੍ਰਵੇਸ਼ ਪ੍ਰੀਖਿਆ 15 ਜਨਵਰੀ 2023 ਨੂੰ ਹੋਵੇਗੀ। ਜ਼ਿਲ੍ਹਾ ਮੋਗਾ ਦੇ 40 ਯੋਗ ਪ੍ਰਾਰਥੀਆਂ ਵੱਲੋਂ ਇਹ ਕੋਚਿੰਗ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਹ ਕੋਚਿੰਗ ਵੱਖ-ਵੱਖ ਵਿਸ਼ਾ ਮਾਹਿਰ ਅਧਿਆਪਕਾਂ ਵੱਲੋਂ ਦਿੱਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ, ਚੱਲ ਰਹੀਆਂ ਇਨ੍ਹਾਂ ਕੋਚਿੰਗ ਕਲਾਸਾਂ ਦਾ ਅੱਜ ਰੀਵਿਊ ਕਰਨ ਲਈ ਬਿਊਰੋ ਦਾ ਅਚਨਚੇਤ ਦੌਰਾ ਕੀਤਾ। ਉਨ੍ਹਾਂ ਕੋਚਿੰਗ ਲੈ ਰਹੇ ਸਿਖਿਆਰਥੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਕੜੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਭਾਰਤੀ ਫੌਜਾਂ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ। ਕੁਲਵੰਤ ਸਿੰਘ ਨੇ ਕੋਚਿੰਗ ਲੈ ਰਹੇ ਸਿਖਿਆਰਥੀਆਂ ਨਾਲ ਦੋਸਤਾਂ, ਮਿੱਤਰਾਂ ਵਾਂਗ ਗੱਲਾਂ ਕਰਕੇ ਉਨ੍ਹਾਂ ਦੇ ਵਿਚਾਰ ਸੁਣੇ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੋਗਾ ਪ੍ਰਭਦੀਪ ਸਿੰਘ ਨੱਥੋਵਾਲ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਸਿਖਲਾਈ ਇੰਸਟੀਚਿਊਟ ਵਿਖੇ ਕੋਚਿੰਗ ਲੈਣ ਵਾਲੇ ਬੱਚਿਆਂ ਵਿੱਚੋਂ 50 ਫੀਸਦੀ ਬੱਚਿਆਂ ਦਾ ਦੇਸ਼ ਦੀਆਂ ਸਰਬੋਤਮ ਸੁਰੱਖਿਆ ਫੌਜਾਂ ਦਾ ਹਿੱਸਾ ਬਣਨਾ ਤੈਅ ਹੈ। ਉਨ੍ਹਾਂ ਸਿਖਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨਜ਼ਦੀਕੀ ਦੋਸਤ, ਮਿੱਤਰ ਜਾਂ ਰਿਸ਼ਤੇਦਾਰ ਜ਼ੋ ਵੀ ਇਹ ਕੋਚਿੰਗ ਕਲਾਸਾਂ ਲੈਣ ਦੇ ਚਾਹਵਾਨ ਹਨ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ਅਤੇ ਇਸਦਾ ਲਾਭ ਵੱਧ ਤੋਂ ਵੱਧ ਨੌਜਵਾਨਾਂ ਤੱਕ ਪਹੁੰਚਾਇਆ ਜਾਵੇ। ਸਾਰੇ ਸਿਖਿਆਰਥੀਆਂ ਨੇ ਬੜੇ ਹੀ ਉਤਸ਼ਾਹਪੂਰਵਕ ਤਰੀਕੇ ਨਾਲ ਡਿਪਟੀ ਕਮਿਸ਼ਨਰ ਦੇ ਸਾਕਾਰਤਮਕ ਵਿਚਾਰ ਸੁਣੇ। ਡਿਪਟੀ ਕਮਿਸ਼ਨਰ ਦੇ ਵਿਚਾਰਾਂ ਨੇ ਸਿਖਿਆਰਥੀਆਂ ਵਿੱਚ ਆਪਣੇ ਮਾਂ ਬਾਪ ਲਈ, ਜ਼ਿਲ੍ਹੇ ਲਈ, ਪੰਜਾਬ ਲਈ, ਭਾਰਤ ਲਈ ਕੁਝ ਵੱਖਰਾ ਕਰਨ ਦਾ ਜ਼ਜ਼ਬਾ ਭਰਿਆ।ਇੱਥੇ ਇਹ ਵੀ ਜਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਰੋਜ਼ਗਾਰ ਬਿਊਰੋ ਵੱਲੋਂ ਬੱਚਿਆਂ ਦੀ ਸਿਲੈਕਸ਼ਨ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਸ ਸਿਖਲਾਈ ਇੰਸਟੀਚਿਊਟ ਵਿੱਚ ਕਰਵਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਬੱਚੇ ਰੋਜ਼ਾਨਾ 2 ਘੰਟੇ ਕਲਾਸ ਲਗਾ ਰਹੇ ਹਨ। ਕੋਚਿੰਗ ਦੌਰਾਨ ਬੱਚਿਆਂ ਨੂੰ ਇਕਾਂਤ ਅਤੇ ਸ਼ਾਂਤ ਮਾਹੌਲ ਮੁਹੱਈਆ ਕਰਵਾਇਆ ਜਾ ਰਿਹਾ ਹੈ।ਇਨ੍ਹਾਂ ਮੁਫ਼ਤ ਕੋਚਿੰਗ ਕਲਾਸਾਂ ਲਈ ਹਾਲੇ ਵੀ ਰਜਿਸਟ੍ਰੇਸ਼ਨ ਚੱਲ ਰਹੀ ਹੈ, ਚਾਹਵਾਨ ਲੜਕੇ ਬਿਊਰੋ ਦੇ ਲਿੰਕ http://tinyurl.com/apfimrs ਉੱਪਰ ਪਹੁੰਚ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਪ੍ਰਾਪਤ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਬਿਊਰੋ ਵੱਲੋਂ 62392-66860 ਨੰਬਰ ਵੀ ਜਾਰੀ ਕੀਤਾ ਹੋਇਆ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਅਫ਼ਸਰ ਸ੍ਰੀਮਤੀ ਪਰਮਿੰਦਰ ਕੌਰ, ਜ਼ਿਲ੍ਹਾ ਰੋਜ਼ਗਾਰ ਬਿਊਰੋ ਦੇ ਕਰੀਅਰ ਕਾਊਂਸਲਰ ਬਲਰਾਜ ਸਿੰਘ ਖਹਿਰਾ ਅਤੇ ਕੋਚਿੰਗ ਸਟਾਫ਼ ਹਾਜ਼ਰ ਸੀ।