ਜਗਰਾਉਂ, 9 ਦਸੰਬਰ ( ਬੌਬੀ ਸਹਿਜਲ, ਮੋਹਿਤ ਜੈਨ )-ਮਿੱਲ ਵਿੱਚ ਲੇਬਰ ਠੇਕੇਦਾਰ ਕੋਲ ਕੰਮ ਕਰਦੇ ਦੋ ਮਜ਼ਦੂਰਾਂ ਦੇ ਤਾਲੇ ਤੋੜ ਕੇ 70 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦੇ ਦੋਸ਼ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਥਾਣਾ ਜੋਧਾਂ ਵਿਖੇ ਕੇਸ ਦਰਜ ਕੀਤਾ ਗਿਆ ਹੈ। ਏਐਸਆਈ ਸਈਅਦ ਸ਼ਕੀਲ ਨੇ ਦੱਸਿਆ ਕਿ ਸਲਮਾਨ ਵਾਸੀ ਦਸਮੇਸ਼ ਸਾਈਂ ਮਿੱਲ ਅਹਿਮਦਗੜ੍ਹ ਰੋਡ ਛਪਾਰ ਨੇ ਪੁਲੀਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ 5 ਸਾਲਾਂ ਤੋਂ ਦਸਮੇਸ਼ ਸਾਈਂ ਮਿਲ ਵਿਚ ਠੇਕੇ ਦਾ ਕੰਮ ਕਰ ਰਿਹਾ ਹੈ। ਉਸ ਕੋਲ ਉੱਤਰਾਖੰਡ ਦੇ 14 ਲੋਕ ਮਜ਼ਦੂਰ ਵਜੋਂ ਕੰਮ ਕਰਦੇ ਹਨ। ਜਿਨ੍ਹਾਂ ਨੂੰ ਉਨ੍ਹਾਂ ਦੀ ਮਿਹਨਤ ਦੇ ਹਿਸਾਬ ਨਾਲ ਹਰ ਮਹੀਨੇ ਪੈਸੇ ਦਿੱਤੇ ਜਾਂਦੇ ਹਨ। ਮਜਦੂਰ ਮਾਂਗਟ ਕਰੀਬ 3 ਸਾਲ ਅਤੇ ਧਨੀਰਾਮ ਇਕ ਸਾਲ ਉਸ ਨਾਲ ਕੰਮ ਕਰਦਾ ਸੀ। ਮੰਗਤ ਅਤੇ ਧਨੀਰਾਮ ਪਿਛਲੇ ਚਾਰ-ਪੰਜ ਦਿਨਾਂ ਤੋਂ ਐਡਵਾਂਸ ਵਜੋਂ ਪੰਦਰਾਂ ਹਜ਼ਾਰ ਰੁਪਏ ਦੀ ਮੰਗ ਕਰਦੇ ਸਨ। ਜਿਸ ’ਤੇ ਮੈਂ ਉਨ੍ਹਾਂ ਨੂੰ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਬਾਕੀ ਮਜ਼ਦੂਰਾਂ ਨੂੰ ਵੀ ਪੈਸੇ ਦੇਣ ਹਨ ਇਸ ਲਈ ਸਾਰੇ ਮਜ਼ਦੂਰਾਂ ਨੂੰ ਥੋੜ੍ਹੀ ਜਿਹੀ ਰਕਮ ਦਿੱਤੀ ਜਾਵੇਗੀ। ਦੀਵਾਲੀ ਤੋਂ 1 ਦਿਨ ਪਹਿਲਾਂ ਮੇਰੇ ਮਾਲਕ ਸੁਖਜਿੰਦਰ ਸਿੰਘ ਵਾਸੀ ਕੋਟਆਗਾ, ਮੌਜੂਦਾ ਵਾਸੀ ਛਪਾਰ ਨੇ ਮੈਨੂੰ ਮਜ਼ਦੂਰਾਂ ਦੀ ਦਿਹਾੜੀ ਦੇਣ ਲਈ 70 ਹਜ਼ਾਰ ਰੁਪਏ ਦਿੱਤੇ ਸਨ। ਜਿਸ ਨੂੰ ਮੈਂ ਆਪਣੇ ਕਮਰੇ ਵਿੱਚ ਬਣੀ ਲੱਕੜ ਦੀ ਅਲਮਾਰੀ ਵਿੱਚ ਰੱਖਿਆ ਹੋਇਆ ਸੀ। ਮੈਂ 24 ਅਕਤੂਬਰ ਦੀ ਸਵੇਰ ਨੂੰ ਆਪਣੇ ਮਾਲਕ ਦੀ ਟਰੈਕਟਰ ਟਰਾਲੀ ਸ਼ਹਿਰ ਤੋਂ ਪਿੰਡ ਕੋਟਆਗਾ ਵਿਖੇ ਛੱਡਣ ਲਈ ਗਿਆ ਸੀ। ਜਦੋਂ ਮੈਂ ਵਾਪਸ ਆ ਕੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਮੇਰੇ ਕਮਰੇ ਵਿੱਚ ਪਈ ਲੱਕੜ ਦੇ ਅਲਮੀਰਾ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਉਸ ਵਿੱਚ ਰੱਖੇ 70 ਹਜ਼ਾਰ ਰੁਪਏ ਚੋਰੀ ਹੋ ਚੁੱਕੇ ਸਨ। ਇਸ ਤੋਂ ਬਾਅਦ ਅਗਲੇ ਹੀ ਦਿਨ ਮਾਂਗਟ ਅਤੇ ਧਨੀਰਾਮ ਉੱਤਰਾਖੰਡ ਸਥਿਤ ਆਪਣੇ ਪਿੰਡ ਚਲੇ ਗਏ। ਸਲਮਾਨ ਦੀ ਇਸ ਸ਼ਿਕਾਇਤ ’ਤੇ ਮਾਂਗਟ ਅਤੇ ਧਨੀਰਾਮ ਵਾਸੀ ਮੁਹੰਮਦਪੁਰ ਕੁਨਹਾਰੀ, ਉਤਰਾਖੰਡ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।