ਸੁਧਾਰ, 9 ਦਸੰਬਰ ( ਅਸ਼ਵਨੀ, ਧਰਮਿੰਦਰ )-ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵਲੋਂ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਥਾਣਾ ਸੁਧਾਰ ਵਿੱਚ ਕੇਸ ਦਰਜ ਕੀਤਾ ਹੈ। ਏਐਸਆਈ ਰਾਜਦੀਪ ਸਿੰਘ ਨੇ ਦੱਸਿਆ ਕਿ ਬੀਡੀਪੀਓ ਬਲਾਕ ਪੱਖੋਵਾਲ ਰੁਪਿੰਦਰਜੀਤ ਕੌਰ ਵਲੋਂ ਦਿਤੀ ਗਈ ਸ਼ਿਕਾਇਤ ਵਿਚ ਉਨ੍ਹਾਂ ਦੋਸ਼ ਲਗਾਇਆ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ 5 ਦਸੰਬਰ ਨੂੰ ਉਹ ਆਪਣਾ ਅਹੁਦਾ ਸੰਭਾਲਣ ਲਈ ਬਲਾਕ ਦਫ਼ਤਰ ਪੱਖੋਵਾਲ ਗਈ ਸੀ। ਉਸ ਮੌਕੇ ਬਲਾਕ ਪੱਖੋਵਾਲ ਦੇ ਦਫ਼ਤਰੀ ਅਤੇ ਫੀਲਡ ਸਟਾਫ਼ ਵੱਲੋਂ ਡਿਊਟੀ ਵਿੱਚ ਵਿਘਨ ਪਾਇਆ ਗਿਆ। ਬਲਾਕ ਪੱਖੋਵਾਲ ਦੇ ਪੰਚਾਇਤ ਸਕੱਤਰ ਸੁਖਪਾਲ ਸਿੰਘ, ਪੰਚਾਇਤ ਸਕੱਤਰ ਕਰਨਦੀਪ ਸਿੰਘ ਚੰਦੇਲ, ਸੁਪਰਡੈਂਟ ਗੁਰਬਚਨ ਸਿੰਘ ਅਤੇ ਡੇਟਾ ਐਂਟਰੀ ਅਪਰੇਟਰ ਮਨਇੰਦਰ ਸਿੰਘ ਨੇ ਦਫ਼ਤਰ ਦੇ ਸਾਰੇ ਗੇਟ ਬੰਦ ਕਰ ਦਿੱਤੇ ਅਤੇ ਗੇਟ ਖੋਲ੍ਹਣ ’ਤੇ ਬੀਡੀਪੀਓ ਰੁਪਿੰਦਰਜੀਤ ਕੌਰ ਨਾਲ ਧੱਕਾ-ਮੁੱਕੀ ਕੀਤੀ ਅਤੇ ਬਦਸਲੂਕੀ ਕੀਤੀ। ਰੁਪਿੰਦਰਜੀਤ ਕੌਰ ਬੀਡੀਪੀਓ ਦੀ ਸ਼ਿਕਾਇਤ ’ਤੇ ਸੁਖਪਾਲ ਸਿੰਘ, ਕਰਮਜੀਤ ਸਿੰਘ ਚੰਦੇਲ ਦੋਵੇਂ ਪੰਚਾਇਤ ਸਕੱਤਰ, ਗੁਰਬਚਨ ਸਿੰਘ ਸੁਪਰਡੈਂਟ ਅਤੇ ਮਨਇੰਦਰ ਸਿੰਘ ਡੇਟਾ ਐਂਟਰੀ ਅਪਰੇਟਰ ਵਾਸੀ ਬਲਾਕ ਦਫ਼ਤਰ ਪੱਖੋਵਾਲ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।