ਜਗਰਾਓਂ , 1 ਮਾਰਚ ( ਧਰਮਿੰਦਰ, ਬੌਬੀ ਸਹਿਜਲ )-ਬੁੱਧਵਾਰ ਸਵੇਰੇ 11 ਵਜੇ ਦੇ ਕਰੀਬ ਰਾਏਕੋਟ ਰੋਡ ’ਤੇ ਰਾਮਾਮੂਰਤੀ ਦੇ ਭੱਠੇ ਦੇ ਸਾਹਮਣੇ ਸਾਈਕਲ ’ਤੇ ਸੜਕ ਪਾਰ ਕਰਦੇ ਹੋਏ ਮਜਦੂਰ ਨੂੰ ਬਚਾਉਂਦੇ ਹੋਏ ਮੋਟਰਸਾਈਕਲ ਸਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਜਦੋਂ ਉਹ ਸੜਕ ’ਤੇ ਡਿੱਗ ਗਿਆ ਤਾਂ ਪਿੱਛੋਂ ਆ ਰਹੀ ਇਈਕ ਤੇਜ ਰਫਤਾਰ ਗੱਡੀ ਉਸਦੇ ਉੱਪਰ ਦੀ ਲੰਘ ਗਈ। ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਸਾਈਕਲ ਸਵਾਰ ਮਜ਼ਦੂਰ ਵੀ ਇਸ ਹਾਦਸੇ ਵਿਚ ਜ਼ਖ਼ਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਜਗਦੇਵ ਸਿੰਘ (32 ਸਾਲ) ਵਾਸੀ ਪਿੰਡ ਢੋਲਣ ਜੋ ਕਿ ਪਿੰਡ ਵਿੱਚ ਲੱਕੜ ਦਾ ਕੰਮ ਕਰਦਾ ਸੀ। ਉਹ ਆਪਣੇ ਮੋਟਰਸਾਈਕਲ ’ਤੇ ਜਗਰਾਉਂ ਤੋਂ ਕੁਝ ਸਾਮਾਨ ਲੈਣ ਜਾ ਰਿਹਾ ਸੀ। ਜਦੋਂ ਉਹ ਰਾਏਕੋਟ ਰੋਡ ’ਤੇ ਸਥਿਤ ਰਾਮਾਮੂਰਤੀ ਦੇ ਭੱਠੇ ਦੇ ਕੋਲ ਪਹੁੰਚਿਆ ਤਾਂ ਭੱਠੇ ’ਤੇ ਕੰਮ ਕਰ ਰਿਹਾ ਇੱਕ ਮਜ਼ਦੂਰ ਸਾਈਕਲ ਸਮੇਤ ਸੜਕ ਪਾਰ ਕਰਦੇ ਸਮੇਂ ਅਚਾਨਕ ਉਸ ਦੇ ਸਾਹਮਣੇ ਆ ਗਿਆ। ਉਸ ਨੂੰ ਬਚਾਉਂਣ ਦੀ ਕੋਸ਼ਿਸ਼ ਵਿਚ ਉਸਦਾ ਮੋਟਰਸਾਇਕਿਲ ਬੇਕਾਬੂ ਹੋ ਗਿਆ ਅਤੇ ਮਜਦੂਰ ਦੇ ਸਾਇਕਲ ਵਿਚ ਲੱਗ ਗਿਆ.ਅਤੇ ਦੋਵੇਂ ਸੜਕ ’ਤੇ ਡਿੱਗ ਪਏ। ਸੜਕ ’ਤੇ ਡਿੱਗੇ ਜਗਦੇਵ ਸਿੰਘ ’ਤੇ ਪਿੱਛੇ ਤੋਂ ਆ ਰਹੀ ਇਕ ਗੱਡੀ ਉਸ ਨੂੰ ਕੁਚਲਦੇ ਹੋਏ ਨਿਕਲ ਗਈ ਅਤੇ ਗੱਡੀ ਚਾਲਕ ਮੌਕੇ ਤੋਂ ਗੱਡੀ ਸਮੇਤ ਫਰਾਰ ਹੋ ਗਿਆ। ਜਗਦੇਵ ਸਿੰਘ ਨੂੰ ਗੰਭੀਰ ਹਾਲਤ ਵਿਚ ਕਲਿਆਣੀ ਹਸਪਤਾਲ ਲਿਜਾਇਆ ਗਿਆ ਪਰ ਉਥੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਿੰਡ ਦੇ ਪੰਚਾਇਤ ਮੈਂਬਰ ਜਸਵੀਰ ਸਿੰਘ ਨੇ ਦੱਸਿਆ ਕਿ ਜਗਦੇਵ ਸਿੰਘ ਦਾ ਵਿਆਹ 5 ਸਾਲ ਪਹਿਲਾਂ ਹੋਇਆ ਸੀ। ਉਸ ਦਾ ਇੱਕ 4 ਸਾਲ ਦਾ ਲੜਕਾ ਅਤੇ ਡੇਢ ਸਾਲ ਦੀ ਲੜਕੀ ਹੈ। ਉਸ ਦੇ ਪਿਤਾ ਦੀ ਵੀ ਇੱਕ ਸਾਲ ਪਹਿਲਾਂ ਹੀ ਮੌਤ ਹੋ ਗਈ ਸੀ।