ਸੁਧਾਰ, 13 ਜੁਲਾਈ ( ਜਸਵੀਰ ਹੇਰਾਂ )-ਗਿੱਲ ਪੱਤੀ ਸੁਧਾਰ ਵਿਖੇ ਇੱਕ ਵਿਆਹੁਤਾ ਲੜਕੀ ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਉਸਦੇ ਪਤੀ ਖਿਲਾਫ ਥਾਣਾ ਸਦਰ ਵਿੱਚ ਮਾਮਲਾ ਦਰਜ ਤਕਤੇ ਉਸਨੂੰ ਗਿ੍ਰਫਤਾਰ ਕੀਤਾ ਗਿਆ। ਥਾਣਾ ਸੁਧਾਰ ਦੇ ਇੰਚਾਰਜ ਇੰਸਪੈਕਟਰ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਗੁਰਦੀਪ ਸਿੰਘ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਮੇਰੀ ਲੜਕੀ ਪ੍ਰੀਤੀ ਤੋਰੇ ਜਿਸ ਦਾ ਸਾਲ 2019 ’ਚ ਮਨਿੰਦਰ ਸਿੰਘ ਵਾਸੀ ਗਿੱਲ ਪੱਤੀ ਸੁਧਾਰ ਨਾਲ ਵਿਆਹ ਹੋਇਆ ਸੀ। ਉਸ ਸਮੇਂ ਅਸੀਂ ਆਪਣੀ ਹੈਸੀਅਤ ਅਨੁਸਾਰ ਲੜਕੀ ਦੇ ਸਹੁਰਿਆਂ ਨੂੰ ਦਾਜ ਅਤੇ ਇਸਤਰੀ ਧਨ ਦੇ ਰੂਪ ਵਿਚ ਸਮਾਨ ਦਿਤਾ ਸੀ। ਸਾਡਾ ਜਵਾਈ ਮਨਿੰਦਰ ਸਿੰਘ ਕੁਝ ਸਮਾਂ ਪਹਿਲਾਂ ਨਸ਼ੇ ਕਰਨ ਲੱਗਾ ਸੀ। ਜਿਸ ਕਾਰਨ ਉਹ ਸਾਡੀ ਲੜਕੀ ਨਾਲ ਲੜਦਾ ਰਹਿੰਦਾ ਸੀ। ਉਸ ’ਤੇ ਨਸ਼ਾ ਵੇਚਣ ਦਾ ਮਾਮਲਾ ਵੀ ਦਰਜ ਹੈ। ਮਨਿੰਦਰ ਸਿੰਘ ਕਰੀਬ ਇੱਕ ਸਾਲ ਤੋਂ ਘਰ ਵਿੱਚ ਵਿਹਲਾ ਬੈਠਾ ਸੀ ਅਤੇ ਉਹ ਮੇਰੀ ਲੜਕੀ ਨੂੰ ਆਪਣੇ ਪੇਕੇ ਘਰੋਂ ਪੈਸੇ ਲਿਆਉਣ ਲਈ ਦਬਾਅ ਪਾਉਂਦਾ ਸੀ ਤਾਂ ਜੋ ਉਹ ਕੋਈ ਕੰਮ ਸ਼ੁਰੂ ਕਰ ਸਕੇ। ਕਰੀਬ 4 ਮਹੀਨੇ ਪਹਿਲਾਂ ਉਸ ਨੇ ਮਨਿੰਦਰ ਸਿੰਘ ਨੂੰ 20 ਹਜ਼ਾਰ ਰੁਪਏ ਦਿੱਤੇ ਸਨ। ਇਸ ਤੋਂ ਬਾਅਦ ਵੀ ਉਹ ਸਾਡੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰਦਾ ਸੀ। ਇਸ ਤੋਂ ਬਾਅਦ ਮਨਿੰਦਰ ਸਿੰਘ ਫਿਰ ਪੈਸੇ ਮੰਗਣ ਲੱਗਾ ਤਾਂ ਮੇਰੇ ਲੜਕੇ ਨੇ ਉਸ ਨੂੰ ਦਸ ਹਜ਼ਾਰ ਰੁਪਏ ਦੇ ਦਿੱਤੇ। ਇਸ ਤੋਂ ਇਲਾਵਾ ਮਨਿੰਦਰ ਸਿੰਘ ਨੇ ਸਾਡੇ ਕਈ ਹੋਰ ਰਿਸ਼ਤੇਦਾਰਾਂ ਤੋਂ ਵੀ ਪੈਸਿਆਂ ਦੀ ਮੰਗ ਕੀਤੀ ਹੈ। ਮਨਿੰਦਰ ਸਿੰਘ ਦੇ ਨਾਲ-ਨਾਲ ਉਸ ਦੇ ਹੋਰ ਪਰਿਵਾਰਕ ਮੈਂਬਰ ਵੀ ਸਾਡੀ ਲੜਕੀ ਨੂੰ ਦਾਜ ਲਿਆਉਣ ਲਈ ਤੰਗ ਪ੍ਰੇਸ਼ਾਨ ਕਰਦੇ ਸਨ। ਜਦੋਂ ਉਸ ਨੇ ਪੈਸੇ ਲਿਆਉਣ ਤੋਂ ਇਨਕਾਰ ਕੀਤਾ ਤਾਂ ਮਨਿੰਦਰ ਸਿੰਘ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਕਿਹਾ ਕਿ ਉਸ ਦੇ ਘਰ ਉਸ ਲਈ ਕੋਈ ਥਾਂ ਨਹੀਂ ਹੈ। 10 ਜੁਲਾਈ ਨੂੰ ਮੇਰੀ ਪਤਨੀ ਨੇ ਮੈਨੂੰ ਫ਼ੋਨ ਕਰਕੇ ਦੱਸਿਆ ਕਿ ਪ੍ਰੀਤੀ ਗਲੋਬਲ ਹਸਪਤਾਲ ਲੁਧਿਆਣਾ ਵਿੱਚ ਦਾਖ਼ਲ ਹੈ। ਜਦੋਂ ਮੈਂ ਅਤੇ ਮੇਰੀ ਪਤਨੀ ਅਤੇ ਦੋਵੇਂ ਲੜਕੇ ਅਤੇ ਰਿਸ਼ਤੇਦਾਰ ਗਲੋਬਲ ਹਸਪਤਾਲ ਲੁਧਿਆਣਾ ਪੁੱਜੇ ਤਾਂ ਉੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂ ਅਸੀਂ ਆਪਣੀ ਬੇਟੀ ਪ੍ਰੀਤੀ ਦੀ ਲਾਸ਼ ਦੇਖੀ ਤਾਂ ਉਸ ਦੇ ਗਲੇ ’ਤੇ ਨਿਸ਼ਾਨ ਸਨ। ਉਸ ਨੂੰ ਯਕੀਨ ਹੈ ਕਿ ਉਸ ਦੇ ਸਹੁਰੇ ਪਰਿਵਾਰ ਅਤੇ ਪਤੀ ਵੱਲੋਂ ਲੜਕੀ ਨੂੰ ਤਾਅਨੇ ਮਾਰਨ ਅਤੇ ਜ਼ਲੀਲ ਕਰਨ ਤੋਂ ਬਾਅਦ ਲੜਕੀ ਦੇ ਗਲ ਵਿਚ ਚੁੰਨੀ ਪਾ ਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਗੁਰਦੀਪ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਮਨਿੰਦਰ ਸਿੰਘ ਵਾਸੀ ਗਿੱਲ ਪੱਤੀ ਸੁਧਾਰ ਦੇ ਖਿਲਾਫ ਧਾਰਾ 304ਬੀ ਤਹਿਤ ਮਾਮਲਾ ਦਰਜ ਕਰ ਕੇ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਪੁੱਛਗਿੱਛ ਲਈ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।