ਹਠੂਰ, 27 ਜੁਲਾਈ (ਕੌਸ਼ਲ ਮੱਲ੍ਹਾ )-ਪਿੰਡ ਚੀਮਾ ਅਤੇ ਭੰਮੀਪੁਰਾ ਦੇ ਕਿਸਾਨਾਂ ਅਤੇ ਮਜਦੂਰਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਤਰਸੇਮ ਸਿੰਘ ਬੱਸੂਵਾਲ ਅਤੇ ਮੀਤ ਪ੍ਰਧਾਨ ਮਨਦੀਪ ਸਿੰਘ ਧਾਲੀਵਾਲ ਦੀ ਅਗਵਾਈ ਚ ਪਾਵਰਕਾਮ ਵਲੋਂ ਠੀਕ ਠਾਕ ਚਲਦੇ ਬਿਜਲੀ ਮੀਟਰ ਲਾਹ ਕੇ ਨਵੇਂ ਚਿੱਪ ਵਾਲੇ ਮੀਟਰ ਲਾਉਣ ਖਿਲਾਫ ਭਾਰੀ ਰੋਸ ਪ੍ਰਦਰਸ਼ਨ ਕੀਤਾ । ਇਸ ਸਮੇਂ ਰੋਸ ਪ੍ਰਦਰਸ਼ਨ ਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਇਕਾਈ ਪ੍ਰਧਾਨ ਨਿਰਮਲ ਸਿੰਘ ਭੰਮੀਪੁਰਾ, ਪਰਮਜੀਤ ਸਿੰਘ ਚੀਮਾ ਨੇ ਪਾਵਰਕਾਮ ਨੂੰ ਚਿਤਾਵਨੀ ਦਿੱਤੀ ਕਿ ਪੰਜਾਬੀਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਮੁਤਾਬਿਕ ਪਿਛਲੇ ਲੰਮੇਂ ਸਮੇਂ ਤੋਂ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਹੁੰਦਾ ਆ ਰਿਹਾ ਹੈ। ਪਾਵਰਕਾਮ ਨੂੰ ਵੱਡੇ ਲੁਟੇਰੇ ਕਾਰਪੋਰੇਟਾਂ ਦੇ ਹੱਥਾਂ ਚ ਦੇਣ ਅਤੇ ਰੁਜ਼ਗਾਰ ਨੂੰ ਵੱਡੇ ਪਧਰ ਤੇ ਖਤਮ ਕਰਨ ਲਈ ਇਹ ਮੀਟਰ ਲਗਾਏ ਜਾ ਰਹੇ ਹਨ। ਸਿੱਟੇ ਵਜੋਂ ਜਿਥੇ ਬਿਜਲੀ ਦਰਾਂ ਦੀ ਰਾਹਤ ਮਾਫੀ ਖਤਮ ਹੋਵੇਗੀ ਉਥੇ ਪ੍ਰੀਪੇਡ ਮੀਟਰਾਂ ਰਾਹੀਂ ਐਡਵਾਂਸ ਰਕਮ ਹਾਸਲ ਕਰਕੇ ਹੀ ਬਿਜਲੀ ਸਪਲਾਈ ਕੀਤੀ ਜਾਵੇਗੀ ਇਕ ਪਾਸੇ ਤਕਨੀਕੀ ਕਾਲਜ ਆਈ ਟੀ ਆਈਜ ਹਰ ਸੜਕ ਤੇ ਖੋਲੇ ਜਾ ਰਹੇ ਹਨ ਤੇ ਦੂਜੇ ਪਾਸੇ ਮੀਟਰ ਰੀਡਰ, ਬਿਲਵੰਡਕ, ਲੈਜਰਕੀਪਰ, ਮਾਲ ਵਿਭਾਗ, ਡੈਟਾ ਕੁਲੈਕਟਰ,ਕੈਸ਼ੀਅਰ ਦੀਆਂ ਅਸਾਮੀਆਂ ਖਤਮ ਕਰਕੇ ਪੱਕੇ ਰੁਜ਼ਗਾਰ ਦਾ ਵੱਢਾਂਗਾ ਕੀਤਾ ਜਾ ਰਿਹਾ ਹੈ। ਟੈਕਨੀਕਲ ਕੰਮ ਤਾਂ ਪਹਿਲਾਂ ਹੀ ਠੇਕੇਦਾਰਾਂ ਨੂੰ ਦਿੱਤਾ ਜਾ ਚੁਕਾ ਹੈ। ਪੱਕੀ ਨੋਕਰੀ ਖਤਮ ਕਰਕੇ ਪੱਕੀ ਤਨਖਾਹ ਤੇ ਸਾਰੇ ਸੇਵਾ ਲਾਭ ਖਤਮ ਕਰ ਦਿੱਤੇ ਗਏ ਹਨ। ਬੀ ਐਸ ਐਨ ਐਲ ਵਾਂਗ ਹੋਲੀ ਹੋਲੀ ਖਾਲੀ ਹੋ ਰਹੇ ਪਾਵਰਕਾਮ ਦਫਤਰ ਵੀ ਵੇਚ ਦਿੱਤੇ ਜਾਣਗੇ। ਸਿੱਟਾ ਇਹ ਨਿਕਲੇਗਾ ਕਿ ਜਿਸ ਕੋਲ ਪੈਸਾ ਹੋਵੇਗਾ ਉਹ ਬਿਜਲੀ ਵਰਤਣ ਲਈ ਸਿਮ ਖਰੀਦ ਕੇ ਚਿੱਪ ਵਾਲੇ ਮੀਟਰ ਚ ਪਾ ਕੇ ਵਰਤ ਸਕੇਗਾ ਤੇ ਗਰੀਬ ਬੰਦਾ ਗਰਮੀ ਚ ਮਰੇਗਾ, ਬੀਮਾਰ ਹੋ ਕੇ ਮਰ ਜਾਵੇਗਾ। ਇਸ ਦੇਸ਼ ਚ ਸਿਰਫ ਪੈਸੇ ਵਾਲਿਆਂ ਨੂੰ ਹੀ ਜਿਉਣ ਦਾ ਹੱਕ ਹੋਵੇਗਾ।ਇਸ ਸਮੇਂ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਸਮੂਹ ਪਿੰਡਾਂ ਦੇ ਕਿਸਾਨ ਮਜਦੂਰ ਭੈਣਾਂ ਭਰਾਵਾਂ ਨੂੰ ਚਿੱਪ ਮੀਟਰਾਂ ਖਿਲਾਫ ਡਿਊਟੀਆਂ ਵੰਡ ਕੇ ਪਿੰਡਾਂ ਚ ਪਹਿਰੇਦਾਰੀ ਕਰਨ ਦੀ ਅਪੀਲ ਕੀਤੀ ਹੈ।