ਸਿੱਧਵਾਂਬੇਟ, 5 ਅਗਸਤ ( ਰਾਜੇਸ਼ ਜੈਨ, ਭਗਵਾਨ ਭੰਗੂ)- ਸ਼ੁੱਕਰਵਾਰ ਦੇਰ ਸ਼ਾਮ 4 ਵਿਅਕਤੀਆਂ ਵਲੋਂ ਰੇਸ਼ਮ ਸਿੰਘ (40) ਪੁੱਤਰ ਸ਼ੇਰ ਸਿੰਘ ਵਾਸੀ ਖੋਲੀਆਂ ਵਾਲਾ ਪੁਲ, ਮਲਸੀਹਾਂ ਬਾਜਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਇਸ ਸਬੰਧੀ ਥਾਣਾ ਸਿੱਧਵਾਂਬੇਟ ਵਿੱਚ ਕਤਲ ਦੇ ਦੋਸ਼ ਹੇਠ ਗੁਰਜੀਤ ਸਿੰਘ ਉਰਫ ਗੀਤਾ ਵਾਸੀ ਸਿੱਧਵਾਂਬੇਟ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਏਐਸਆਈ ਰਾਜਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਨੂੰ ਸ਼ੱਕ ਸੀ ਕਿ ਉਸ ਦੀ ਪਤਨੀ ਦੇ ਰੇਸ਼ਮ ਸਿੰਘ ਨਾਲ ਸਬੰਧ ਹਨ। ਇਸੇ ਸ਼ੱਕ ਦੇ ਚੱਲਦਿਆਂ ਗੁਰਜੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੇਰ ਰਾਤ ਰੇਸ਼ਮ ਸਿੰਘ ਦਾ ਉਸ ਸਮੇਂ ਕਤਲ ਕਰ ਦਿੱਤਾ ਜਦੋਂ ਉਹ ਖੇਤ ਵਿੱਚ ਫ਼ਸਲ ਨੂੰ ਪਾਣੀ ਲਗਾ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਰੇਸ਼ਮ ਸਿੰਘ ਪਿੰਡ ਦੇ ਇੱਕ ਕਿਸਾਨ ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ, ਉਸਦੇ ਘਰ ਅਤੇ ਜ਼ਮੀਨ ਦੀ ਦੇਖਭਾਲ ਕਰਦਾ ਸੀ। ਬੀਤੀ ਰਾਤ ਉਹ ਪਿੰਡ ਮਲਸੀਹਾ ਬਾਜਨ ਤੋਂ ਜਨੇਤਪੁਰ ਨੂੰ ਜਾਂਦੇ ਰਸਤੇ ਵਿੱਚ ਖੇਤ ਦੀ ਮੋਟਰ ਨਾਲ ਫਸਲ ਨੂੰ ਪਾਣੀ ਲਗਾ ਰਿਹਾ ਸੀ। ਉਦੋਂ ਗੁਰਜੀਤ ਸਿੰਘ ਆਪਣੇ ਤਿੰਨ ਹੋਰ ਸਾਥੀਆਂ ਸਮੇਤ ਉਥੇ ਪਹੁੰਚ ਗਿਆ ਅਤੇ ਉਸ ‘ਤੇ ਤੇਜ਼ਧਾਰ ਹਥਿਆਰਾਂ ਅਤੇ ਬੇਸਬਾਲ ਆਦਿ ਨਾਲ ਉਸਤੇ ਹਮਲਾ ਕਰਕੇ ਉਸਨੂੰ ਗੰਭੀਰ ਹਾਲਤ ਵਿਚ ਛੱਡ ਕੇ ਉਥੋਂ ਫਰਾਰ ਹੋ ਗਏ। ਪਿੰਡ ਵਾਸੀਆਂ ਨੂੰ ਕਾਫੀ ਸਮਾਂ ਬਾਅਦ ਪਤਾ ਚੱਲਣ ਤੇ ਰੇਸ਼ਮ ਸਿੰਘ ਨੂੰ ਸਿੱਧਵਾਂਬੇਟ ਹਸਪਤਾਲ ਲਿਜਾਇਆ ਗਿਆ। ਉਥੋਂ ਜਗਰਾਓਂ ਅਤੇ ਜਗਰਾਓਂ ਤੋਂ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਲੁਧਿਆਣਾ ਲਿਜਾਂਦੇ ਹੋਏ ਉਸ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਇਸ ਸਬੰਧੀ ਪੁਲਿਸ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵੱਲੋਂ ਘਟਨਾ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਪਤਨੀ ਬਿੰਦਰ ਕੌਰ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗਿਰਫ਼ਤਾਰ ਕਰ ਲਿਆ ਜਾਵੇਗਾ।