ਫਿਰੋਜ਼ਪੁਰ,09 ਸਤੰਬਰ (ਰਾਜੇਸ਼ ਜੈਨ – ਭਗਵਾਨ ਭੰਗੂ) : ਬੀਤੇ ਦਿਨ ਗੋਲ਼ੀਆਂ ਲੱਗਣ ਕਾਰਨ ਜ਼ਖਮੀ ਹੋਏ ਸ਼ਹਿਰ ਦੇ ਨੌਜਵਾਨ ਦੀ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਦੇਰ ਰਾਤ ਮੌਤ ਹੋ ਗਈ । ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਬਾਅਦ ਦੁਪਹਿਰ ਸਥਾਨਕ ਮੱਲਵਾਲ ਰੋਡ ‘ ਤੇ ਇੱਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਜਖਮੀ ਕਰ ਦਿੱਤਾ ਗਿਆ ਸੀ । ਜ਼ਖ਼ਮੀ ਦੀ ਪਛਾਣ ਸਥਾਨਕ ਭੱਟੀਆਂ ਵਾਲੀ ਬਸਤੀ ਵਾਸੀ ਅਮਿਤ ਕੁਮਾਰ ਉਰਫ ਰਵੀ ਪ੍ਰਧਾਨ ਵਜੋਂ ਹੋਈ ਸੀ , ਜਿਸ ਨੂੰ ਪਹਿਲੋਂ ਫ਼ਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ, ਜਿੱਥੇ ਬਾਅਦ ਵਿੱਚ ਉਸ ਦੀ ਹਾਲਤ ਹੋਰ ਗੰਭੀਰ ਹੋਣ ਕਾਰਨ ਉਸ ਨੂੰ ਲੁਧਿਆਣਾ ਦੇ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਲੁਧਿਆਣਾ ਦੇ ਹਸਪਤਾਲ ਵਿੱਚ ਅਮਿਤ ਦੀ ਮੌਤ ਹੋ ਗਈ।ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 6 ਬਾਏ ਨੇਮ ਵਿਅਕਤੀਆਂ ਅਤੇ 3 ਅਣਪਛਾਤੇ ਵਿਅਕਤੀਆਂ ਖਿਲਾਫ 307, 341, 148, 149, 120-ਬੀ ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਸੀ ਜਿਸ ਵਿਚ ਹੁਣ ਨਵੀਂ ਧਾਰਾ 302 ਜੋੜ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਮਨੀ ਪੁੱਤਰ ਸੋਹਨ ਲਾਲ ਨੇ ਦੱਸਿਆ ਕਿ ਉਹ ਆਪਣੇ ਚਾਚੇ ਮਹਿੰਦਰਪਾਲ ਅਤੇ ਆਪਣੇ ਭਰਾ ਅਮਿਤ ਨਾਲ ਬਸਤੀ ਨਿਜ਼ਾਮਦੀਨ ਤੋਂ ਵਾਪਸ ਸ਼ਹਿਰ ਆ ਰਿਹਾ ਸੀ। ਮਨੀ ਤੇ ਉਸ ਦਾ ਚਾਚਾ ਐਕਟਿਵਾ ‘ਤੇ ਉਸ ਤੋਂ ਥੋੜ੍ਹਾ ਪਿੱਛੇ ਆ ਰਹੇ ਸੀ। ਜਦ ਉਹ ਕੈਂਡਲਵੂਡ ਪੈਲੇਸ ਪਾਸ ਪੁੱਜੇ ਤਾਂ ਦੋਸ਼ੀਅਨ ਜੈਕਬ ਉਰਫ ਜੈਕੀ ਪੁੱਤਰ ਨੰਦ ਲਾਲ ਵਾਸੀ ਹਾਊਸਿੰਗ ਬੋਰਡ ਕਾਲੌਨੀ ਸਿਟੀ ਫਿਰੋਜ਼ਪੁਰ, ਰਾਹੁਲ ਸੰਧੂ ਉਰਫ ਅਕਾਸ਼ ਪੁੱਤਰ ਮਨਜੀਤ ਕੁਮਾਰ, ਵਿਜੇ ਪੁੱਤਰ ਆਸ਼ਕ, ਮਨਜੀਤ ਕੁਮਾਰ ਪੁੱਤਰ ਆਸ਼ਕ, ਕਾਲਾ ਪੁੱਤਰ ਆਮਾ ਵਾਸੀਅਨ ਨੋਰੰਗ ਕੇ ਲੇਲੀਵਾਲਾ, ਜੋਨ ਕੁਮਾਰ ਪੁੱਤਰ ਮਹਿੰਦਰ ਕੁਮਾਰ ਵਾਸੀ ਖਲਚੀਆਂ ਕਦੀਮ ਅਤੇ 3 ਅਣਪਛਾਤੇ ਆਦਮੀਆਂ ਨੇ ਉਸ ਦੇ ਭਰਾ ਅਮਿਤ ਨੂੰ ਘੇਰ ਲਿਆ ਤੇ ਦਸਤੀ ਪਿਸਤੌਲਾਂ ਨਾਲ ਉਸ ‘ਤੇ ਫਾਇਰ ਕੀਤੇ, ਜੋ ਫਾਇਰ ਲੱਗਣ ਕਰਕੇ ਜ਼ਖਮੀਂ ਹੋ ਗਿਆ। ਮਨੀ ਨੇ ਦੱਸਿਆ ਕਿ ਅਮਿਤ ਨੂੰ ਅਨਿਲ ਬਾਗੀ ਹਸਪਤਾਲ ਫਿਰੋਜ਼ਪੁਰ ਸ਼ਹਿਰ ਵਿਖੇ ਦਾਖਲ ਕਰਵਾਇਆ ਗਿਆ ਸੀ ,ਜਿਥੋਂ ਡਾਕਟਰ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਸੀ । ਮਨੀ ਨੇ ਦੱਸਿਆ ਕਿ ਵਜ਼ਾ ਰੰਜ਼ਿਸ਼, ਪੁਰਾਣਾ ਝਗੜਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਹਰਨੇਕ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ।