ਜਗਰਾਉਂ, 10 ਸਤੰਬਰ ( ਬੌਬੀ ਸਹਿਜਲ, ਧਰਮਿੰਦਰ )- ਸੀ.ਆਈ.ਏ ਸਟਾਫ਼ ਅਤੇ ਥਾਣਾ ਹਠੂਰ ਦੀ ਪੁਲਿਸ ਪਾਰਟੀਆਂ ਨੇ ਪੰਜ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਕੇ ਉਨ੍ਹਾਂ ਕੋਲੋਂ 172 ਗ੍ਰਾਮ ਹੈਰੋਇਨ ਅਤੇ 240 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਸੀਆਈਐਸਐਫ ਸਟਾਫ਼ ਦੇ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਪੁਲ ਸੂਆ ਰਾਮਗੜ੍ਹ ਭੁੱਲਰ ਵਿਖੇ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਸਰੂਪ ਸਿੰਘ ਉਰਫ ਲੱਡੂ ਵਾਸੀ ਸੁਲਤਾਨਵਾਲਾ ਥਾਣਾ ਆਰ.ਐਫ.ਕੇ ਜ਼ਿਲਾ ਫ਼ਿਰੋਜ਼ਪੁਰ ਅਤੇ ਕਰਨ ਸਿੰਘ ਵਾਸੀ ਰਾਮੂਵਾਲਾ ਥਾਣਾ ਗੁਰੂਹਰਸਹਾਏ ਜ਼ਿਲਾ ਫ਼ਿਰੋਜ਼ਪੁਰ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ। ਇਹ ਦੋਵੇਂ ਹੈਰੋਇਨ ਦੀ ਸਪਲਾਈ ਕਰਨ ਲਈ ਬਿਨਾਂ ਨੰਬਰ ਦੇ ਸਪਲੈਂਡਰ ਮੋਟਰਸਾਈਕਲ ’ਤੇ ਜਗਰਾਉਂ ਤੋਂ ਸਿੱਧਵਾਂਬੇਟ ਵੱਲ ਜਾ ਰਹੇ ਸਨ। ਇਸ ਸੂਚਨਾ ’ਤੇ ਪੁਲ ਸੂਆ ਰਾਮਗੜ੍ਹ ਭੁੱਲਰ ਕੋਲ ਨਾਕਾਬੰਦੀ ਕਰਕੇ ਮੋਟਰਸਾਈਕਲ ’ਤੇ ਆ ਰਹੇ ਸਰੂਪ ਸਿੰਘ ਅਤੇ ਕਰਨ ਸਿੰਘ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇਕ ਨੰਬਰੀ ਸਪਲੈਂਡਰ ਮੋਟਰਸਾਈਕਲ ਅਤੇ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਪੁਲੀਸ ਪਾਰਟੀ ਸਮੇਤ ਸ਼ੇਰਪੁਰ ਚੌਕ ਵਿੱਚ ਚੈਕਿੰਗ ਲਈ ਮੌਜੂਦ ਸਨ। ਉਥੇ ਸੂਚਨਾ ਮਿਲੀ ਕਿ ਪ੍ਰਤਾਪ ਸਿੰਘ ਉਰਫ ਚੰਨੀ ਵਾਸੀ ਅਨਾਰਕਲੀ ਬਾਜ਼ਾਰ ਕੁੱਕੜ ਗਲੀ ਜਗਰਾਉਂ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਜੋ ਆਪਣੀ ਸਵਿਫਟ ਡਿਜ਼ਾਇਰ ਗੱਡੀ ਵਿੱਚ ਹੈਰੋਇਨ ਲੈ ਕੇ ਮੇਨ ਰੋਡ ਨਾਨਕਸਰ ਤੋਂ ਕੋਠੇ ਅੱਠ ਚੱਕ ਵੱਲ ਆ ਰਿਹਾ ਸੀ। ਇਸ ਸੂਚਨਾ ’ਤੇ ਸਵਿਫਟ ਡਿਜ਼ਾਇਰ ਕਾਰ ’ਚ ਜਾ ਰਹੇ ਪ੍ਰਤਾਪ ਸਿੰਘ ਉਰਫ ਚੰਨੀ ਨੂੰ ਟੀ ਪੁਆਇੰਟ ਕੋਠੇ ਅੱਠ ਚੱਕ ਵਿਖੇ ਨਾਕਾਬੰਦੀ ਕਰਕੇ 20 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ। ਥਾਣਾ ਹਠੂਰ ਦੇ ਐਸ.ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਲਈ ਪਿੰਡ ਮੱਲਾ ਤੋਂ ਰਸੂਲਪੁਰ ਵੱਲ ਜਾ ਰਹੇ ਸਨ। ਜਦੋਂ ਪੁਲੀਸ ਪਾਰਟੀ ਰਸੂਲਪੁਰ ਦੇ ਨਜ਼ਦੀਕ ਪਹੁੰਚੀ ਤਾਂ ਸਾਹਮਣੇ ਤੋਂ ਦੋ ਲੜਕੇ ਮੋਟਰਸਾਈਕਲ ’ਤੇ ਆ ਰਹੇ ਸਨ। ਪੁਲੀਸ ਦੀ ਗੱਡੀ ਨੂੰ ਦੇਖ ਕੇ ਉਹ ਘਬਰਾ ਗਏ ਅਤੇ ਅਚਾਨਕ ਪਿੱਛੇ ਮੁੜ ਕੇ ਮੋਟਰਸਾਈਕਲ ਨੂੰ ਪਿੱਛੇ ਵੱਲ ਲੈ ਜਾਣ ਲੱਗੇ। ਇਸ ਦੌਰਾਨ ਉਨ੍ਹਾਂ ਦਾ ਇਕ ਲਿਫਾਫਾ ਸੜਕ ਕਿਨਾਰੇ ਡਿੱਗ ਪਿਆ। ਦੋਵਾਂ ਨੂੰ ਪੁਲੀਸ ਪਾਰਟੀ ਨੇ ਘੇਰ ਕੇ ਕਾਬੂ ਕਰ ਲਿਆ। ਇਨ੍ਹਾਂ ਦੀ ਪਛਾਣ ਅਜੇ ਕੁਮਾਰ ਵਾਸੀ ਰੋਡ ਗਲੀ ਮੋਗਾ ਅਤੇ ਪ੍ਰਿਤਪਾਲ ਸਿੰਘ ਵਾਸੀ ਰਸੂਲਪੁਰ ਵਜੋਂ ਹੋਈ ਹੈ। ਜਦੋਂ ਸੜਕ ਕਿਨਾਰੇ ਪਏ ਲਿਫਾਫੇ ਨੂੰ ਚੁੱਕ ਕੇ ਜਾਂਚ ਕੀਤੀ ਗਈ ਤਾਂ ਉਸ ਵਿਚੋਂ 240 ਨਸ਼ੀਲੀਆਂ ਗੋਲੀਆਂ ਅਤੇ 2 ਗ੍ਰਾਮ ਹੈਰੋਇਨ ਬਰਾਮਦ ਹੋਈ ਜੋ ਕਿ ਇਕ ਹੋਰ ਲਿਫਾਫੇ ਵਿਚ ਸੀ।