ਜਗਰਾਓਂ, 28 ਸਤੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ )-ਪਿਛਲੇ ਦਿਨੀਂ ਜਗਰਾਉਂ ਨੇੜਲੇ ਪਿੰਡ ਕਮਾਲਪੁਰ ਵਿੱਚ ਬਿੰਜਲ ਰੋਡ ’ਤੇ ਸਥਿਤ ਠਾਠ ਨਾਨਕਸਰ ਵਿੱਚ ਉਥੇ ਰਹਿੰਦੇ ਇੱਕ ਨਾਬਾਲਗ ਗ੍ਰੰਥੀ ਦੀ ਠਾਠ ਦੇ ਮੁੱਖ ਸੇਵਾਦਾਰ ਬਾਬਾ ਸੁਰਿੰਦਰ ਸਿੰਘ ਨੇ ਆਪਣੇ ਹੋਰ ਸਾਥੀਆਂ ਸਮੇਤ ਬਬਲ ਸਿੰਘ, ਗੁਰਪ੍ਰੀਤ ਸਿੰਘ, ਹਰਮਨ ਸਿੰਘ, ਸਮਸ਼ੇਰ ਸਿੰਘ, ਗੁਰਜੀਤ ਸਿੰਘ ਅਤੇ ਦਲਜੀਤ ਸਿੰਘ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸ ਉਸਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਸ ਨੇ ਇਨ੍ਹਾਂ ਸਾਰਿਆਂ ਖਿਲਾਫ ਥਾਣਾ ਹਠੂਰ ’ਚ ਮਾਮਲਾ ਦਰਜ ਕਰ ਲਿਆ। ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਨਾਬਾਲਗ ਬੱਚੇ ਦੀ ਬੇਰਹਿਮੀ ਨਾਲ ਕੁੱਟਮਾਰ ਅਤੇ ਕੁੱਟਮਾਰ ਦੀ ਵੀਡੀਓ ਦਾ ਨੋਟਿਸ ਲੈਂਦਿਆਂ ਪੰਜਾਬ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਇਸ ਮਾਮਲੇ ਵਿੱਚ ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਾਤ ਦੇ ਐਸਐਸਪੀ ਨਵਨੀਤ ਸਿੰਘ ਬੈਂਸ ਨੂੰ ਨੋਟਿਸ ਭੇਜ ਕੇ ਜਵਾਬ ਮੰਗਿਆ ਸੀ ਅਤੇ ਇਸ ਸਬੰਧੀ ਪੁਲਿਸ ਜਾਂਚ ਰਿਪੋਰਟ ਸਮੇਤ ਜਾਂਚ ਅਧਿਕਾਰੀ ਨੂੰ 27 ਸਤੰਬਰ ਨੂੰ ਸਵੇਰੇ 11 ਵਜੇ ਹਾਜ਼ਰ ਹੋਣ ਦੀ ਹਦਾਇਤ ਕੀਤੀ ਗਈ। ਜਿਸ ’ਤੇ ਥਾਣਾ ਹਠੂਰ ਤੋਂ ਸਬ-ਇੰਸਪੈਕਟਰ ਕੁਲਦੀਪ ਸਿੰਘ ਉਕਤ ਮਾਮਲੇ ਸਬੰਧੀ ਰਿਪੋਰਟ ਲੈ ਕੇ ਕਮਿਸ਼ਨਰ ਕੋਲ ਪੇਸ਼ ਹੋਏ। ਉਨ੍ਹਾਂ ਕਮਿਸ਼ਨ ਨੂੰ ਦੱਸਿਆ ਕਿ ਜੁਵੇਨਾਈਲ ਐਕਟ ਅਤੇ ਆਈ.ਟੀ.ਐਕਟ ਤੋਂ ਇਲਾਵਾ ਵੱਖ -ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਪਰ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਪੁਲਿਸ ਦੀ ਕਾਰਵਾਈ ਤੋਂ ਸੰਤੁਸ਼ਟ ਨਾ ਹੁੰਦੇ ਹੋਏ ਕਿਹਾ ਕਿ ਲੜਾਈ ਦੀ ਵੀਡੀਓ ਦੇਖਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ ਕਿ ਜਿਸ ਬੇਰਹਿਮੀ ਨਾਲ ਦੋਸ਼ੀਆਂ ਨੇ ਬੱਚੇ ਨੂੰ ਕੁੱਟਿਆ ਸੀ, ਉਸ ਕਾਰਨ ਉਸ ਦੀ ਮੌਤ ਵੀ ਹੋ ਸਕਦੀ ਸੀ। ਇਸ ਲਈ ਤੁਹਾਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸਾਰੇ ਦੋਸ਼ੀਆਂ ਖਿਲਾਫ ਆਈ.ਪੀ.ਐਸ ਦੀ ਧਾਰਾ 307 ਵੀ ਲਗਾਈ ਜਾਵੇ ਅਤੇ ਇਸ ਸਬੰਧੀ ਰਿਪੋਰਟ 9 ਅਕਤੂਬਰ ਤੱਕ ਦੁਬਾਰਾ ਕਮਿਸ਼ਨ ਨੂੰ ਦਿੱਤੀ ਜਾਵੇ।