ਜਗਰਾਉਂ, 2 ਅਕਤੂਬਰ (ਪ੍ਰਤਾਪ ਸਿੰਘ) ਅਜੇ ਅਖ਼ਬਾਰਾਂ ਵਿੱਚ ਲੁੱਟਾਂ ਖੋਹਾਂ ਸਬੰਧੀ ਖ਼ਬਰਾਂ ਦੀ ਸਿਆਹੀ ਵੀ ਨਹੀਂ ਸੁੱਕਦੀ ਕਿ ਲੁਟੇਰਿਆਂ ਵੱਲੋਂ ਕੀਤਾ ਇੱਕ ਹੋਰ ਕਾਰਨਾਮਾ ਸਾਹਮਣੇ ਆ ਜਾਂਦਾ ਹੈ। ਬੀਤੀ ਰਾਤ 8 ਵਜੇ ਹੀ ਮੱਛੀ ਮਾਰਕੀਟ ਦਾ ਇੱਕ ਕਰਿੰਦਾ ਸ਼ਿਵ ਚੰਦਰ ਸਾਹਨੀ ਰੇਲਵੇ ਲਾਈਨਾਂ ਪਾਰ ਮੀਟ ਮੱਛੀ ਵਿੱਚੋਂ ਬਚਿਆ ਨਿੱਕ ਸੁੱਕ ਸੁੱਟਣ ਗਿਆ ਤਾਂ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਦੋ ਲੁਟੇਰਿਆਂ ਨੇ ਉਸ ਨੂੰ ਦਬੋਚ ਲਿਆ ਭਾਵੇਂ ਸ਼ਿਵ ਚੰਦਰ ਨੇ ਬਚਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਨੇ ਉਸ ਦੇ ਗਲ ਨੂੰ ਹੱਥ ਪਾਇਆ ਤਾਂ ਸ਼ਿਵ ਚੰਦਰ ਨੇ ਪੁੱਛ ਹੀ ਲਿਆ ਕਿ ਤੁਸੀਂ ਕੀ ਚਾਹੁੰਦੇ ਹੋ। ਲੁਟੇਰਿਆਂ ਕਿਹਾ ਕਿ ਜੋ ਕੁਝ ਤੇਰੇ ਕੋਲ ਹੈ, ਕੱਢ ਦੇ ਨਹੀਂ ਤਾਂ ਜਾਨੋਂ ਜਾਵੇਗਾ। ਸ਼ਿਵ ਚੰਦਰ ਸਾਹਨੀ ਕੋਲ ਇੱਕ ਮੋਬਾਈਲ ਫੋਨ ਹੀ ਸੀ ਜੋ ਲੁਟੇਰੇ ਲੈ ਕੇ ਰਫੂਚੱਕਰ ਹੋ ਗਏ। ਪੀੜਤ ਸ਼ਿਵ ਚੰਦਰ ਨੇ ਦੱਸਿਆ ਕਿ ਉਸ ਨੇ ਕਾਫੀ ਰੌਲਾ ਪਾਇਆ ਪਰ ਉਸ ਦੀ ਮਦਦ ਲਈ ਕੋਈ ਵੀ ਨਹੀਂ ਆਇਆ। ਸ਼ਿਵ ਚੰਦਰ ਅਨੁਸਾਰ ਉਸ ਨੇ ਘਟਨਾ ਦੀ ਸੂਚਨਾ ਰੇਲਵੇ ਪੁਲੀਸ ਚੌਕੀ ਵਿਖੇ ਦੇ ਦਿੱਤੀ ਹੈ।