ਲੁਧਿਆਣਾ (ਅਨਿੱਲ ਸ਼ਰਮਾ ) ਸ਼ਹਿਰ ਦੇ ਇੱਕ ਰੈਸਟੋਰੈਂਟ ਕਾਰੋਬਾਰੀ ਦੇ ਘਰ ਚੋਰ ਗਿਰੋਹ ਨੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ । ਕੰਧ ਟੱਪ ਕੇ ਘਰ ਦੀ ਪਹਿਲੀ ਮੰਜ਼ਿਲ ਤੇ ਦਾਖਲ ਹੋਏ ਚੋਰਾਂ ਨੇ ਬੈਡਰੂਮ ਦਾ ਤਾਲਾ ਤੋੜਿਆ ਅਤੇ 9 ਲੱਖ ਰੁਪਏ ਦੀ ਨਕਦੀ, ਇੱਕ ਸੋਨੇ ਦਾ ਸੈਟ, ਮੁੰਦਰੀਆਂ ਅਤੇ ਚੈਨ ਚੋਰੀ ਕਰ ਲਈ। ਜਾਣਕਾਰੀ ਦਿੰਦਿਆਂ ਗੋਲਡਨ ਇਨਕਲੇਵ ਬਸੰਤ ਐਵਨਿਊ ਦੇ ਰਹਿਣ ਵਾਲੇ ਗੌਰਵ ਗੁਪਤਾ ਨੇ ਦੱਸਿਆ ਕਿ ਉਹ ਫਿਰੋਜ਼ ਗਾਂਧੀ ਮਾਰਕੀਟ ਵਿੱਚ ਚਾਚੇ ਦਾ ਢਾਬਾ ਨਾਮ ਦਾ ਰੈਸਟੋਰੈਂਟ ਚਲਾਉਂਦੇ ਹਨ। ਗੋਡੇ ਦੀ ਸਰਜਰੀ ਹੋਣ ਕਾਰਨ ਗੌਰਵ ਗੁਪਤਾ ਕੁਝ ਦਿਨਾ ਲਈ ਘਰ ਵਿੱਚ ਹੀ ਆਰਾਮ ਕਰ ਰਹੇ ਸਨ।
ਸਵੇਰੇ 7:30 ਵਜੇ ਦੇ ਕਰੀਬ ਜਦ ਗੌਰਵ ਗੁਪਤਾ ਦੀ ਪਤਨੀ ਉੱਠ ਕੇ ਉੱਪਰ ਵਾਲੀ ਮੰਜ਼ਿਲ ‘ਤੇ ਗਏ ਤਾਂ ਉਨ੍ਹਾਂ ਦੇਖਿਆ ਕਿ ਬੈਡਰੂਮ ਦਾ ਤਾਲਾ ਟੁੱਟਾ ਹੋਇਆ ਸੀ। ਜਾਂਚ ਕਰਨ ‘ਤੇ ਸਾਹਮਣੇ ਆਇਆ ਕਿ ਸੋਨੇ ਦੇ ਗਹਿਣਿਆਂ ਸਮੇਤ ਘਰ ਵਿੱਚ ਪਈ 9 ਲੱਖ ਰੁਪਏ ਦੀ ਨਕਦੀ ਚੋਰੀ ਹੋ ਚੁੱਕੀ ਸੀ। ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਕੇਸ ਦੀ ਪੜਤਾਲ ਸ਼ੁਰੂ ਕੀਤੀ। ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ।