ਜਗਰਾਓਂ, 16 ਦਸੰਬਰ ( ਭਗਵਾਨ ਭੰਗੂ, ਰੋਹਿਤ ਗੋਇਲ )-ਪੰਜਾਬ ਪੁਲਿਸ ਦੇ ਰਿਟਾਇਰਡ ਇੰਸਪੈਕਟਰ ਵਲੋਂ ਮੁੱਖ ਮੰਤਰੀ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਆਗੂ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਪੁਲਿਸ ਜਵਾਨਾਂ ਨੂੰ ਹਰ ਹਫਤੇ ਛੁੱਟੀ ਨੂੰ ਲਾਗੂ ਕੀਤਾ ਜਾਵੇ। ਜਗਤਾਰ ਸਿੰਘ ਰਿਟਾਇਰਡ ਇੰਸਪੈਕਟਰ, (ਪੰਜਾਬ ਪੁਲਿਸ) ਵਾਸੀ ਦਸਮੇਸ਼ ਨਗਰ, ਜਗਰਾਉਂ ਨੇ ਲਿਖਏ ਪੱਤਰ ਵਿਚ ਕਿਹਾ ਕਿ ਹਰ ਰੋਜ ਥਾਣਾ ਵਿੱਚ ਡਿਊਟੀ ਕਰ ਰਹੇ ਪੁਲਿਸ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਪੇਸ਼ ਆ ਰਹੀਆਂ ਅਨੇਕਾਂ ਹੀ ਸਮੱਸਿਆਵਾਂ ਬਾਰੇ ਮੈਨੂੰ ਡੂੰਘਾਈ ਨਾਲ ਜਾਣਕਾਰੀ ਹੈ। ਜਿਨਾਂ ਵਿੱਚ ਪੁਲਿਸ ਦੀ ਮੇਨ ਸਮੱਸਿਆ ਹਫਤੇ ਵਿੱਚ ਕੋਈ ਵੀ ਛੁੱਟੀ (ਹਫਤਾਵਾਰੀ ਰੈਸਟ ) ਨਾ ਹੋਣਾ। ਹਫਤਾਵਾਰੀ ਰੋਸਟ ਕਾਂਗਰਸ ਸਰਕਾਰ ਵਲੋ ਜਦੋਂ ਜੇ ਐਫ ਰਿਬੇਰੋ ਡਾਇਰੈਕਟਰ ਜਨਰਲ ਪੁਲਿਸ ਸਨ, ਸਮੇਂ ਸੁਰੂ ਹੋਈ ਸੀ। ਉਸ ਸਮੇਂ ਪੁਲਿਸ ਕਰਮਚਾਰੀਆਂ ਵਲੋਂ ਸਰਕਾਰ ਦੇ ਇਸ ਕਦਮ ਦੀ ਕਾਫੀ ਸਲਾਘਾ ਕੀਤੀ ਸੀ। ਹਫਤਾਵਾਰੀ ਰੋਸਟ ਕਾਂਗਰਸ ਸਰਕਾਰ ਤੋਂ ਬਾਅਦ ਆਉਣ ਵਾਲੀਆਂ ਸਰਕਾਰਾਂ ਸਮੇਂ ਵੀ ਕਾਫੀ ਸਮਾਂ ਚੱਲਦੀ ਰਹੀ ਹੈ। ਵਿਧਾਨ ਸਭਾ ਚੋਣਾਂ ਦੌਰਾਨ ਆਪ ਵਲੋ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਸਾਰ ਹੀ ਸਿਪਾਹੀ ਤੋ ਲੈ ਕੇ ਇੰਸਪੈਕਟਰ ਰੈਂਕ ਤੱਕ ਦੇ ਕਰਮਚਾਰੀਆਂ ਨੂੰ ਹਫਤਾਵਰੀ ਰੈਸਟ ਸ਼ੁਰੂ ਕਰ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਬਣੇ ਨੂੰ ਤਕਰੀਬਨ 9 ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪ੍ਰੰਤੂ ਅਜੇ ਤੱਕ ਸਰਕਾਰ ਵਲੋਂ ਹਫਤਾਵਰੀ ਰੈਸਟ ਸ਼ੁਰੂ ਕਰਨ ਬਾਰੇ ਕੋਈ ਵੀ ਹੁਕਮ ਜਾਰੀ ਨਹੀਂ ਕੀਤੇ ਗਏ। ਪੁਲਿਸ ਕਰਮਚਾਰੀ ਵੀ ਇੱਕ ਇਨਸਾਨ ਹੈ। ਹਰੇਕ ਪੁਲਿਸ ਕਰਮਚਾਰੀ ਹਰ ਰੋਜ ਤਕਰੀਬਨ 15 ਤੋਂ 16 ਘੰਟੇ ਦੇਰ ਰਾਤ ਤੱਕ ਡਿਊਟੀ ਕਰਦਾ ਹੈ। ਜਿਆਦਾ ਲੰਮੀ ਡਿਊਟੀ ਹੋਣ ਕਾਰਨ ਜਿਆਦਾਤਰ ਪੁਲਿਸ ਕਰਮਚਾਰੀ ਹਰ ਸਮੇਂ ਮਾਨਸਿਕ ਤਨਾਅ ਦੀ ਸਥਿਤੀ ਵਿੱਚ ਰਹਿੰਦੇ ਹਨ ਅਤੇ ਸਰੀਰਕ ਤੌਰ ਤੇ ਵੀ ਬੀਮਾਰ ਹੁੰਦੇ ਜਾ ਰਹੇ ਹਨ। ਜਿਸ ਕਰਕੇ ਉਹ ਆਪਣੇ ਪ੍ਰੀਵਾਰਿਕ ਮੈਂਬਰਾਂ ਦੀ ਵੀ ਸਹੀ ਤਰੀਕੇ ਨਾਲ ਦੇਖ ਭਾਲ ਨਹੀ ਕਰ ਸਕਦੇ। ਇਹੀ ਕਾਰਨ ਹੈ ਕਿ ਜਿਆਦਾਤਰ ਪੁਲਿਸ ਕਰਮਚਾਰੀ ਸਮੇ ਤੋ ਪਹਿਲਾਂ ਹੀ ਰਿਟਾਇਰਮੈਂਟ ਲੈ ਕੇ ਘਰਾਂ ਨੂੰ ਜਾ ਰਹੇ ਹਨ। ਹਫਤਾਵਾਰੀ ਰੋਸਟ ਮਿਲਣ ਕਰਕੇ ਹਰੇਕ ਪੁਲਿਸ ਕਰਮਚਾਰੀ ਮਾਨਸਿਕ ਅਤੇ ਸਰੀਰਕ ਤੌਰ ਤੇ ਠੀਕ ਰਹੇਗਾ ਅਤੇ ਉਹ ਆਪਣੀ ਡਿਊਟੀ ਵੀ ਇਮਾਨਦਾਰੀ ਅਤੇ ਪੂਰੀ ਲਗਨ ਨਾਲ ਕਰ ਸਕੇਗਾ। ਅਗਰ ਆਪ ਦੀ ਸਰਕਾਰ ਵਲੋਂ ਚੋਣਾਂ ਦੋਰਾਨ ਕੀਤੇ ਉਪਰੋਕਤ ਵਾਅਦੇ ਨੂੰ ਲਾਗੂ ਨਾ ਕੀਤਾ ਤਾਂ ਇਹੀ ਸਮਝਿਆ ਜਾਵੇਗਾ ਕਿ ਆਪ ਵਲੋਂ ਇਹ ਫੋਕਾ ਵਾਅਦਾ ਸਿਰਫ ਚੋਣਾਂ ਜਿੱਤਣ ਲਈ ਹੀ ਕੀਤਾ ਗਿਆ ਸੀ। ਜਿਸ ਕਰਕੇ ਸਰਕਾਰਾਂ ਵਲੋ ਕੀਤੇ ਜਾਂਦੇ ਫੋਕੇ ਵਾਅਦਿਆਂ ਤੋਂ ਆਮ ਲੋਕਾਂ ਦਾ ਸਦਾ ਲਈ ਵਿਸਵਾਸ ਉਠ ਜਾਵੇਗਾ। ਪੁਲਿਸ ਵਿਭਾਗ ਦੀ ਕੋਈ ਵੀ ਯੂਨੀਅਨ ਨਹੀ ਹੈ। ਪੁਲਿਸ ਵਿਭਾਗ ਦੀਆਂ ਅਨੇਕਾਂ ਹੀ ਮੰਗਾਂ ਹਨ। ਕਿਸੇ ਵੀ ਸਰਕਾਰ ਨੇ ਪੁਲਿਸ ਵਿਭਾਗ ਨਾਲ ਕਦੇ ਵੀ ਨਿਆਂ ਨਹੀਂ ਕੀਤਾ। ਸਿਵਲ ਵਿਭਾਗ ਵਾਲੇ ਤਾਂ ਧਰਨੇ ਲਗਾ ਕੇ ਆਪਣੀਆਂ ਮੰਗਾਂ ਮੰਨਵਾ ਲੈਂਦੇ ਹਨ। ਵਿਚਾਰੇ ਪੁਲਿਸ ਵਾਲੇ ਆਪਣੀਆਂ ਮੰਗਾਂ ਬਾਰੇ ਆਪਣੇ ਦੁੱਖੜੇ ਕਿਸ ਕੋਲ ਰੋਣ। ਮੈਂ ਆਮ ਆਦਮੀ ਪਾਰਟੀ ਦਾ ਲੰਮੇ ਸਮੇਂ ਤੇ ਵਰਕਰ ਅਤੇ ਸਪੋਰਟਰ ਹਾਂ। ਬਦਲਾਵ ਨੂੰ ਮੁੱਖ ਰੱਖਦੇ ਹੋਏ ਸਾਰੇ ਪੁਲਿਸ ਕਰਮਚਾਰੀਆਂ ਵਲੋਂ ਆਮ ਆਦਮੀ ਪਾਰਟੀ ਨੂੰ ਭਾਰੀ ਗਿਣਤੀ ਵਿਚ ਵੋਟਾਂ ਪਾਈਆਂ ਸਨ। ਇਸ ਲਈ ਕਿਰਪਾ ਕਰਕੇ ਆਪ ਵਲੋਂ ਚੋਣਾਂ ਦੌਰਾਨ ਕੀਤੇ ਹੋਏ ਉਪਰੋਕਤ ਵਾਅਦੇ ਨੂੰ ਨਿਭਾਉਂਦੇ ਹੋਏ ਡੀ.ਜੀ.ਪੀ. ਸਾਹਿਬ ਨੂੰ ਹਫਤਾਵਰੀ ਰੈਸਟ ਸੁਰੂ ਕਰਨ ਬਾਰੇ ਆਰਡਰ ਜਾਰੀ ਕੀਤੇ ਜਾਣ ਤਾਂ ਜੋ ਹਰੇਕ ਪੁਲਿਸ ਕਰਮਚਾਰੀ ਹਫਤਾਵਾਰੀ ਰੈਸਟ ਦੌਰਾਨ ਸਰੀਰਕ ਤੌਰ ਤੇ ਕੁੱਝ ਅਰਾਮ ਕਰ ਸਕਣ ਅਤੇ ਆਪਣੇ ਪ੍ਰੀਵਾਰਿਕ ਮੈਂਬਰਾਂ ਨਾਲ ਸਮਾਂ ਥਿਤਾ ਸਕਣ।