ਜਗਰਾਉਂ, 22 ਦਸੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)-ਰਾਸ਼ਟਰੀ ਗਣਿਤ ਦਿਵਸ ਸਬੰਧੀ ਸ੍ਰੀਮਤੀ ਸਤੀਸ਼ ਗੁਪਤਾ ਸਰਵਹਿੱਤਕਾਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਪ੍ਰਿੰਸੀਪਲ ਨੀਲੂ ਨਰੂਲਾ ਦੀ ਅਗਵਾਈ ਅਧੀਨ ਪੋਸਟਰ, ਚਾਰਟ, ਕਵਿਤਾ, ਸਲੋਗਨ, ਮਾਡਲ ਅਤੇ ਬਲੈਕ ਬੋਰਡ ਲਿਖਾਈ ਦੇ ਗਣਿਤ ਮੁਕਾਬਲੇ ਕਰਵਾਏ ਗਏ। ਪ੍ਰਤਿਯੋਗਿਤਾ ਦੀ ਸ਼ੁਰੁਆਤ ਵੰਦਨਾ ਦੁਆਰਾ ਕੀਤੀ ਗਈ। ਉਪਰੰਤ ਰਾਸ਼ਟਰੀ ਗਣਿਤ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀਨਿਵਾਸ ਰਾਮਾਨੁਜਨ ਦੀ ਜੈਅੰਤੀ ਅਤੇ ਗਣਿਤ ਦੇ ਖੇਤਰ ਵਿਚ ਉਹਨਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਣ ਲਈ ਹਰ ਸਾਲ 22 ਦਸੰਬਰ ਨੂੰ ਰਾਸ਼ਟਰੀ ਗਣਿਤ ਦਿਵਸ ਮਨਾਇਆ ਜਾਂਦਾ ਹੈ।
22 ਦਸੰਬਰ 2012 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਣ ਸਿੰਘ ਨੇ ਭਾਰਤ ਦੇ ਮਹਾਨ ਵਿਗਿਆਨੀ ਸ੍ਰੀਨਿਵਾਸ ਅਯੰਗਰ ਰਾਮਾਨੁਜਨ ਦੀ 125ਵੀਂ ਜੈਯੰਤੀ ਦੇ ਮੌਕੇ ਤੇ ਚੇਨੱਈ ਵਿੱਚ ਆਯੋਜਿਤ ਇੱਕ ਸਮਾਰੋਹ ਵਿਚ ਇਹ ਘੋਸ਼ਣਾ ਕੀਤੀ ਕਿ ਹਰ ਸਾਲ 22 ਦਸੰਬਰ ਨੂੰ ਰਾਸ਼ਟਰੀ ਗਣਿਤ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਇਸ ਦੇ ਅਨੁਸਾਰ ਭਾਰਤ ਵਿੱਚ ਵੱਖ ਵੱਖ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀ ਸਤਰ ਤੇ ਰਾਸ਼ਟਰੀ ਗਣਿਤ ਦਿਵਸ ਮਨਾਇਆ ਜਾਂਦਾ ਹੈ। ਬੱਚਿਆਂ ਵਲੋਂ ਕਵਿਤਾ, ਚਾਰਟ, ਮਾਡਲ, ਸਲੋਗਨ ਮੁਕਾਬਲੇ ਅਤੇ ਬਲੈਕ ਬੋਰਡ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਅਧਿਆਪਕਾ ਮਨਪ੍ਰੀਤ ਕੌਰ ਦੁਆਰਾ ਲਿਖੀ ਕਵਿਤਾ “ਗਣਿਤ ਨੇ ਆਪਣਾ ਕਮਾਲ ਦਿਖਾਇਆ, ਬੱਚਿਆਂ ਨੂੰ ਬੜਾ ਮਜ਼ਾ ਆਇਆ” ਖਿੱਚ ਦਾ ਕੇਂਦਰ ਬਣੀ। ਪ੍ਰਤੀਯੋਗਿਤਾ ਵਿਚ ਜੇਤੂ ਬੱਚਿਆਂ ਨੂੰ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਿੰਸੀਪਲ ਨੀਲੂ ਨਰੂਲਾ ਨੇ ਇਸ ਮੌਕੇ ਤੇ ਬੱਚਿਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਗਣਿਤ ਇੱਕ ਅਜਿਹਾ ਵਿਸ਼ਾ ਹੈ, ਜੋ ਵਿਦਿਆਰਥੀਆਂ ਵਿੱਚ ਰਚਨਾਤਮਕ ਅਤੇ ਸਿਰਜਣਾਤਮਕਤਾ ਦਾ ਵਿਕਾਸ ਕਰਦਾ ਹੈ। ਗਣਿਤ ਦੇ ਅਧਿਐਨ ਨਾਲ ਵਿਦਿਆਰਥੀਆਂ ਵਿੱਚ ਤਰਕ ਸ਼ਕਤੀ, ਯਾਦ ਸ਼ਕਤੀ, ਇਕਾਗਰਤਾ, ਵਿਚਾਰ ਤੇ ਚਿੰਤਨ ਸ਼ਕਤੀ ਆਦਿ ਸਾਰੀਆਂ ਮਾਨਸਿਕ ਕਿਰਿਆਵਾਂ ਦਾ ਵਿਕਾਸ ਹੁੰਦਾ ਹੈ।