ਫਗਵਾੜਾ,(ਬੋਬੀ ਸਹਿਜਲ – ਧਰਮਿੰਦਰ) : ਹੁਸ਼ਿਆਰਪੁਰ ਰੋਡ ਫਗਵਾੜਾ ‘ਤੇ ਸ਼ਨੀਵਾਰ ਸਵੇਰੇ ਦਰਦਨਾਕ ਹਾਦਸਾ ਵਾਪਰਿਆ। ਹੁਸ਼ਿਆਰਪੁਰ ਤੋਂ ਫਗਵਾੜਾ ਆ ਰਹੀ ਇਕ ਕਾਰ ਬੇਕਾਬੂ ਹੋ ਕੇ ਪੈਟਰੋਲ ਪੰਪ ਨੇੜੇ ਦਰੱਖਤ ਨਾਲ ਜਾ ਟਕਰਾਈ। ਹਾਦਸੇ ‘ਚ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੂਜੇ ਪਾਸੇ ਕਾਰ ਸਵਾਰ ਦੋ ਹੋਰ ਨੌਜਵਾਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਹੈ।ਏਐੱਸਆਈ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜਗਤਾਰ ਸਿੰਘ ਪੁੱਤਰ ਬਲਬੀਰ ਸਿੰਘ ਉਮਰ 28 ਸਾਲ ਵਾਸੀ ਜ਼ਿਲ੍ਹਾ ਬਠਿੰਡਾ ਤੇ ਲਕੇਸ਼ ਕੁਮਾਰ ਪੁੱਤਰ ਵੀਰ ਭਾਨ ਗੋਇਲ ਉਮਰ 35 ਸਾਲ ਵਾਸੀ ਜ਼ਿਲ੍ਹਾ ਬਰਨਾਲਾ ਵਜੋਂ ਹੋਈ ਹੈ। ਉੱਥੇ ਹੀ ਜ਼ਖ਼ਮੀਆਂ ਦੀ ਪਛਾਣ ਗੁਰਸੇਵਕ ਸਿੰਘ ਪੁੱਤਰ ਜਗਦੀਸ਼ ਸਿੰਘ ਉਮਰ 23 ਸਾਲ ਜ਼ਿਲ੍ਹਾ ਬਰਨਾਲਾ ਤੇ ਗਗਨਦੀਪ ਸਿੰਘ ਪੁੱਤਰ ਕੇਵਲ ਸਿੰਘ ਉਮਰ 27 ਸਾਲ ਜ਼ਿਲ੍ਹਾ ਬਠਿੰਡਾ ਵਜੋਂ ਹੋਈ ਹੈ।ਹੁਸ਼ਿਆਰਪੁਰ ਰੋਡ ‘ਤੇ ਹਾਦਸੇ ਦਾ ਸ਼ਿਕਾਰ ਹੋਈ ਕਾਰ ‘ਚ ਸਵਾਰ ਚਾਰੋ ਵਿਅਕਤੀ ਪ੍ਰੋਫੈਸ਼ਨਲ ਫੋਟੋਗ੍ਰਾਫੀ ਦਾ ਕੰਮ ਕਰਦੇ ਸਨ। ਪਤਾ ਲੱਗਾ ਹੈ ਕਿ ਚਾਰੋਂ ਕਿਸੇ ਸਮਾਗਮ ਤੋਂ ਵਾਪਸ ਆ ਰਹੇ ਸਨ। ਕਾਰ ਚਲਾਉਂਦੇ ਸਮੇਂ ਅਚਾਨਕ ਕਾਰ ਚਲਾ ਰਹੇ ਨੌਜਵਾਨ ਦੀ ਅੱਖ ਲੱਗ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਚਸ਼ਮਦੀਦਾਂ ਨੇ ਦੱਸਿਆ ਕਿ ਕਾਰ ਦੀ ਰਫ਼ਤਾਰ ਤੇਜ਼ ਸੀ ਤੇ ਤੇਜ਼ ਰਫਤਾਰ ਕਾਰਨ ਦਰਖਤ ਨਾਲ ਜਾ ਟਕਰਾਈ।ਚਾਰੇ ਨੌਜਵਾਨ ਬਠਿੰਡਾ-ਬਰਨਾਲਾ ਦੇ ਰਹਿਣ ਵਾਲੇ ਦੱਸੇ ਜਾਂਦੇ ਹਨ। ਤੇਜ਼ ਰਫਤਾਰ ਨਾਲ ਦਰੱਖ਼ਤ ਨਾਲ ਟਕਰਾਉਣ ਕਾਰਨ ਕਾਰ ਪੂਰੀ ਤਰ੍ਹਾਂ ਪਿਚਕ ਗਈ। ਕਾਰ ਸਵਾਰ ਨੌਜਵਾਨ ਅੰਦਰ ਹੀ ਫਸ ਗਏ। ਜਿਨ੍ਹਾਂ ਨੂੰ ਸਥਾਨਕ ਲੋਕਾਂ ਤੇ ਆਉਣ-ਜਾਣ ਵਾਲੇ ਡਰਾਈਵਰਾਂ ਨੇ ਮੁਸ਼ੱਕਤ ਤੋਂ ਬਾਅਦ ਕਾਰ ‘ਚੋਂ ਬਾਹਰ ਕੱਢਿਆ।ਲੋਕਾਂ ਨੇ ਲੋਹੇ ਦੀ ਰਾਡ ਦੀ ਮਦਦ ਨਾਲ ਕਾਰ ਨੂੰ ਸਿੱਧਾ ਕਰ ਕੇ ਚਾਰਾਂ ਨੂੰ ਬਾਹਰ ਕੱਢਿਆ। ਇਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਸੀ। ਜਦਕਿ ਦੋ ਸਾਹ ਲੈ ਰਹੇ ਸਨ। ਜਿਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਸਿਵਲ ਹਸਪਤਾਲ ਫਗਵਾੜਾ ਲਿਜਾਇਆ ਗਿਆ।
