ਜਗਰਾਓਂ, 3 ਫਰਵਰੀ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪਿੰਡ ਬਾਰਦੇਕੇ ਵਿਖੇ ਦਿਨ ਦਿਹਾੜੇ ਪਰਮਜੀਤ ਸਿੰਘ ਦੇ ਘਰ ਦਾਖਲ ਹੋ ਕੇ ਉਸਦਾ ਕਤਲ ਕਰਨ ਵਾਲੇ ਤਿੰਨ ਸ਼ਾਰਪ ਸ਼ੂਟਰਾਂ ਵਿੱਚੋਂ ਅਭਿਨਵ ਉਰਫ਼ ਅਭੀ ਵਾਸੀ ਤਹਿਸੀਲਪੁਰਾ ਅੰਮ੍ਰਿਤਸਰ ਦਾ ਪੁਲੀਸ ਰਿਮਾਂਡ ਸ਼ੁੱਕਰਵਾਰ ਨੂੰ ਖ਼ਤਮ ਹੋ ਗਿਆ। ਪੁਲੀਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਸੁਣਾਇਆ। ਪਹਿਲਾਂ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਕੋਲੋਂ ਜਗਰਾਉਂ ਅਖਾੜਾ ਨਹਿਰ ’ਤੇ ਬਣੇ ਰੈਸਟ ਹਾਊਸ ਦੇ ਖੰਡਰ ਬਣ ਚੁੱਕੇ ਨਹਿਰੀ ਵਿਭਾਗ ਦੇ ਕਮਰਿਆਂ ’ਚ ਦਬਾਇਆ ਹੋਇਆ .32 ਬੋਰ ਅਤੇ ਚਾਰ ਕਾਰਤੂਸ ਬਰਾਮਦ ਕੀਤੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਪਰਮਜੀਤ ਸਿੰਘ ਦੇ ਕਤਲ ਵਿੱਚ ਸ਼ਾਮਲ ਉਸਦੇ ਹੋਰ ਸਾਥੀਆਂ ਰਾਜਾ ਬੰਬ ਵਾਸੀ ਫਿਰੋਜ਼ਪੁਰ ਅਤੇ ਤੇਜਵੀਰ ਸਿੰਘ ਵਾਸੀ ਅੰਮ੍ਰਿਤਸਰ ਦੀ ਗ੍ਰਿਫ਼ਤਾਰੀ ਸੰਬੰਧੀ ਪੁੱਛ ਗਿਛ ਅਤੇ ਕਤਲ ਨੂੰ ਅੰਜਾਮ ਦੇਣ ਸਮੇਂ ਵਰਤਿਆ ਗਿਆ ਹਥਿਆਰ ਉਸ ਕੋਲੋਂ ਬਰਾਮਦ ਕੀਤਾ ਜਾਣਾ ਸੀ, ਪਰ ਪੁਲਿਸ ਨੂੰ ਉਸ ਕੋਲੋਂ ਹਥਿਆਰ ਬਰਾਮਦ ਨਹੀਂ ਹੋ ਸਕਿਆ।