ਜਗਰਾਉਂ, 3 ਫਰਵਰੀ ( ਰਾਜੇਸ਼ ਜੈਨ, ਭਗਵਾਨ ਭੰਗੂ )-ਪਿਛਲੇ ਦਿਨੀਂ ਪਨਗ੍ਰੇਨ ਏਜੰਸੀ ਦੇ ਗੋਦਾਮ ਸੁਪਰਵਾਈਜ਼ਰ ਅਤੇ ਇੱਕ ਟਰੱਕ ਡਰਾਈਵਰ ਨੂੰ ਸੀ.ਆਈ.ਏ ਸਟਾਫ਼ ਦੀ ਪੁਲਿਸ ਪਾਰਟੀ ਨੇ ਚੌਲਾਂ ਦੀਆਂ 150 ਬੋਰੀਆਂ ਚੋਰੀ ਕਰਨ ਦੇ ਦੋਸ਼ ਵਿੱਚ ਕਾਬੂ ਕੀਤਾ ਹੈ। ਪੁੱਛਗਿੱਛ ਕਰਨ ’ਤੇ ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਹ ਚੋਰੀ ਕੀਤੇ ਚੌਲ ਆਪਣੇ ਮਹਿਤਾਬ ਸ਼ੈਲਰ ਛੱਜੋਵਾਲ ’ਚ ਦੇਣ ਜਾ ਰਿਹਾ ਸੀ। ਮਹਿਤਾਬ ਸ਼ੈਲਰ ਛੱਜਾਵਾਲ ਦੇ ਮਾਲਕ ਜਗਮੋਹਨਦੀਪ ਬਾਂਸਲ ਉਰਫ਼ ਮਿੰਟੂ ਵਾਸੀ ਮੁਹੱਲਾ ਸ਼ਾਸਤਰੀ ਨਗਰ, ਜਗਰਾਉਂ ਨੂੰ ਇਸ ਮਾਮਲੇ ਵਿਚ ਨਾਮਜਦ ਕਰਕੇ ਗਿ੍ਰਫ਼ਤਾਰ ਕਰਨ ਉਪਰੰਤ ਸ਼ੁੱਕਰਵਾਰ ਨੂੰ ਅਦਾਲਤ ’ਚ ਪੇਸ਼ ਕਰਕੇ ਪੁੱਛਗਿੱਛ ਲਈ 3 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ। ਸੀਆਈਏ ਸਟਾਫ਼ ਦੇ ਇੰਚਾਰਜ ਨਵਦੀਪ ਭੱਟੀ ਨੇ ਦੱਸਿਆ ਕਿ ਇਸ ਰਿਮਾਂਡ ਦੌਰਾਨ ਜਗਮੋਹਨਦੀਪ ਬਾਂਸਲ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਹ ਕਿੰਨੇ ਸਮੇਂ ਤੋਂ ਸਰਕਾਰੀ ਗੋਦਾਮਾਂ ਵਿੱਚੋਂ ਚੋਰੀ ਦਾ ਸਾਮਾਨ ਖਰੀਦ ਰਿਹਾ ਹੈ ਅਤੇ ਉਸ ਨਾਲ ਹੋਰ ਕੌਣ-ਕੌਣ ਲੋਕ ਸ਼ਾਮਲ ਹਨ। ਇਸ ਸਭ ਤੋਂ ਪੁੱਛਗਿੱਛ ਕੀਤੀ ਜਾਵੇਗੀ।
ਵਧ ਸਕਦੀ ਹੈ ਬਾਂਸਲ ਦੀ ਮੁਸ਼ਿਕਲ-
ਚੋਰੀ ਕੀਤੇ ਸਰਕਾਰੀ ਚੌਲ ਖਰੀਦ ਮਾਮਲੇ ’ਚ ਗ੍ਰਿਫ਼ਤਾਰ ਜਗਮੋਹਨਦੀਪ ਬਾਂਸਲ ਉਰਫ਼ ਮਿੰਟੂ ਇੱਕ ਸ਼ੈਲਰ ਮਾਲਕ ਹੋਣ ਦੇ ਨਾਲ ਨਗਰ ਕੌਂਸਲ ਨੂੰ ਕਰੀਬ 20 ਸਾਲਾਂ ਤੋਂ ਬਿਜਲੀ ਦਾ ਸਾਮਾਨ ਸਪਲਾਈ ਕਰਨ ਵਾਲਾ ਠੇਕੇਦਾਰ ਵੀ ਹੈ। ਵੱਡੀ ਗੱਲ ਇਹ ਹੈ ਕਿ ਜਗਮੋਹਨਦੀਪ ਬਾਂਸਲ ਇੰਨੇ ਲੰਬੇ ਸਮੇਂ ਤੋਂ ਨਗਰ ਕੌਂਸਲ ਜਗਰਾਉਂ ਦਾ ਇੱਕੋ ਇੱਕ ਵੱਡਾ ਬਿਜਲੀ ਉਪਕਰਣ ਠੇਕੇਦਾਰ ਹੈ। ਜਿਸ ਦੇ ਖਿਲਾਫ ਸਮੇਂ-ਸਮੇਂ ’ਤੇ ਦੋਸ਼ ਲੱਗਦੇ ਰਹੇ ਹਨ ਅਤੇ ਨਗਰ ਕੌਸਲ ਦੀ ਲਗਭਗ ਹਰ ਮੀਟਿੰਗ ’ਚ ਕੌਸਲਰ ਰੌਲਾ ਪਾਉਂਦੇ ਹਨ ਕਿ ਨਗਰ ਕੌਸਲ ਵਲੋਂ ਕਰੋੜਾਂ ਰੁਪਏ ਦੇ ਬਿਜਲੀ ਉਪਕਰਨ ਖ਼ਰੀਦਣ ਦੇ ਬਾਵਜੂਦ ਸ਼ਹਿਰ ਵਿਚ ਹਨੇਰਾ ਬਣਿਆ ਰਹਿੰਦਾ ਹੈ ਅਤੇ ਕੌਸਲਰਾਂ ਨੂੰ ਉਨ੍ਹਾਂ ਦੇ ਵਾਰਡਾਂ ਵਿੱਚ ਹਨੇਰਾ ਦੂਰ ਕਰਨ ਲਈ ਬਲੱਬ ਤੱਕ ਵੀ ਹਾਸਿਲ ਨਹੀਂ ਹੁੰਦਾ। ਇਸ ਦੇ ਬਾਵਜੂਦ ਨਗਰ ਕੌਂਸਲ ਵੱਲੋਂ ਨਾ ਤਾਂ ਕਦੇ ਕਿਸੇ ਹੋਰ ਠੇਕੇਦਾਰ ਨੂੰ ਇਸ ਦੇ ਬਰਾਬਰ ਲਿਆਂਦਾ ਗਿਆ ਅਤੇ ਨਾ ਹੀ ਕਿਸੇ ਵੱਲੋਂ ਬਿਜਲੀ ਦੇ ਸਾਮਾਨ ਦੇ ਘਪਲੇ ਦੀ ਜਾਂਚ ਕਰਵਾਉਣ ਦੀ ਗੱਲ ਕੀਤੀ ਗਈ। ਹੁਣ ਜਗਰਾਉਂ ਦੇ ਇੱਕ ਆਰਟੀਆਈ ਕਾਰਕੁਨ ਨੇ ਨਗਰ ਕੌਂਸਲ ਵਿੱਚ ਜਗਮੋਹਨਦੀਪ ਬਾਂਸਲ ਉਰਫ਼ ਮਿੰਟੂ ਵੱਲੋਂ ਸਪਲਾਈ ਕੀਤੇ ਗਏ ਸਾਮਾਨ ਦੀ ਜਾਣਕਾਰੀ ਮੰਗੀ ਹੈ, ਉਥੇ ਹੀ ਵਿਜੀਲੈਂਸ ਵਿਭਾਗ ਨੂੰ ਸ਼ਿਕਾਇਤ ਭੇਜ ਕੇ ਉੱਚ ਪੱਧਰੀ ਜਾਂਚ ਦੀ ਮੰਗ ਵੀ ਕੀਤੀ ਹੈ। ਜਗਮੋਹਨਦੀਪ ਬਾਂਸਲ ਵੱਲੋਂ ਬਿਜਲੀ ਉਪਕਰਨਾਂ ਦੀ ਸਪਲਾਈ ਵਾਲੇ ਮਾਮਲੇ ਵੀ ਜਾਂਚ ਦੇ ਘੇਰੇ ਵਿੱਚ ਆਉੰਦੀ ਹੈ ਤਾਂ ਠੇਕੇਦਾਰ ਨੂੰ ਹੋਰ ਮੁਸੀਬਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।