ਛੇਹਰਟਾ(ਲਿਕੇਸ ਸ਼ਰਮਾ -ਵਿਕਾਸ ਮਠਾੜੂ) ਪੁਲਿਸ ਥਾਣਾ ਛੇਹਰਟਾ ਅਧੀਨ ਪੈਂਦੇ ਪੁਲਿਸ ਚੌਕੀ ਕਸਬਾ ਛੇਹਰਟਾ ਤੋਂ ਸਿਰਫ਼ 50 ਕਦਮ ਦੀ ਦੂਰੀ ‘ਤੇ ਸਥਿਤ ਸ੍ਰੀ ਹਨੂੰਮਾਨ ਮੰਦਰ ‘ਚ ਦੇਰ ਰਾਤ ਕੁਝ ਚੋਰਾਂ ਨੇ ਲੱਕੜ ਦੀ ਪੌੜੀ ਤੋਂ ਛੱਤ ਰਾਹੀਂ ਮੰਦਰ ‘ਚ ਦਾਖਲ ਹੋ ਕੇ ਭਗਵਾਨ ਦੀ ਮੂਰਤੀ ‘ਚੋਂ ਚਾਂਦੀ ਦੇ ਸਾਮਾਨ ਅਤੇ ਗੋਲਕ ਤੋੜ ਕੇ ਲੱਖਾਂ ਦੀ ਲੁੱਟ ਨੂੰ ਅੰਜਾਮ ਦਿੱਤਾ ਹੈ।
ਮੰਦਰ ਕਮੇਟੀ ਦੇ ਪ੍ਰਧਾਨ ਪਵਨ ਕੁਮਾਰ ਨੇ ਦੱਸਿਆ ਕਿ ਜਦੋਂ ਤੜਕੇ 3 ਵਜੇ ਦੇ ਕਰੀਬ ਪੰਡਿਤ ਨੇ ਮੰਦਰ ਦਾ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਮੰਦਰ ਦੀਆਂ ਸਾਰੀਆਂ ਗੋਲਕਾਂ ਦੇ ਤਾਲੇ ਟੁੱਟੇ ਹੋਏ ਸਨ, ਜਿਨ੍ਹਾਂ ਵਿਚ ਪਈ ਨਕਦੀ ਤੇ ਮੰਦਰ ‘ਚ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ‘ਚੋਂ ਚਾਂਦੀ ਦੀ ਬੰਸਰੀ, ਸ਼ਿਵ ਭੋਲੇ ਦਾ ਚਾਂਦੀ ਦਾ ਨਾਗਰਾਜ, ਚਾਂਦੀ ਦਾ ਤ੍ਰਿਸ਼ੂਲ ਤੇ ਚਾਂਦੀ ਦੀ ਗਾਗਰ, ਮਾਂ ਦੁਰਗਾ ਦਾ ਚਾਂਦੀ ਦਾ ਛਤਰ ਚੋਰੀ ਹੋ ਚੁੱਕੇ ਸਨ। ਇਸ ਤੋਂ ਇਲਾਵਾ ਚੋਰਾਂ ਨੇ ਮੰਦਰ ਦੇ ਕਮਰਿਆਂ ਦੀ ਵੀ ਤਲਾਸ਼ੀ ਲਈ ਅਤੇ ਸਾਮਾਨ ਖਿਲਾਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਮੰਦਿਰ ਵਿੱਚ ਦੋ ਵਾਰ ਚੋਰੀ ਹੋ ਚੁੱਕੀ ਹੈ, ਜਿਸ ਬਾਰੇ ਪੁਲਿਸ ਨੂੰ ਹੁਣ ਤੱਕ ਕੋਈ ਸੁਰਾਗ ਨਹੀਂ ਲੱਗਾ ਅਤੇ ਹੁਣ ਦੁਬਾਰਾ ਚੋਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮੰਦਰ ‘ਚ ਕਰੀਬ 12 ਲੱਖ ਦੀ ਚੋਰੀ ਹੋ ਚੁੱਕੀ ਹੈ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਚੋਰੀ ਦੀ ਖ਼ਬਰ ਮਿਲਦਿਆਂ ਹੀ ਮਨੁੱਖੀ ਅਧਿਕਾਰ ਸੰਘਰਸ਼ ਕਮੇਟੀ ਦੇ ਕੌਮੀ ਪ੍ਰਧਾਨ ਡਾ. ਹਰੀਸ਼ ਸ਼ਰਮਾ, ਕੌਸਲਰ ਅਰਵਿੰਦ ਸ਼ਰਮਾ, ਕਾਂਗਰਸੀ ਆਗੂ ਸਤੀਸ਼ ਬੱਲੂ, ਰਮਨ ਰੰਮੀ, ਸਮਾਜ ਸੇਵਕ ਅਰਵਿਨ ਭਕਨਾਨ, ਭਾਜਪਾ ਆਗੂ ਅਵਿਨਾਸ਼ ਸ਼ੈਲਾ, ਵਿਪਨ ਨਈਅਰ, ਸੁਸ਼ੀਲ ਡਾ. ਦੇਵਗਨ, ਸਤੀਸ਼ ਮੋਹਨਾ ਮੌਕੇ ‘ਤੇ ਪਹੁੰਚੇ।ਉਨ੍ਹਾਂ ਕਿਹਾ ਕਿ ਮੰਦਰ ‘ਚ ਚੋਰੀ ਦੀ ਇਹ ਤੀਜੀ ਘਟਨਾ ਹੈ ਪਰ ਪੁਲਿਸ ਅਜੇ ਤੱਕ ਕਿਸੇ ਚੋਰ ਨੂੰ ਗ੍ਰਿਫਤਾਰ ਨਹੀਂ ਕਰ ਸਕੀ, ਜਿਸ ਕਾਰਨ ਲੋਕਾਂ ਦਾ ਪੁਲਿਸ ਤੋਂ ਵਿਸ਼ਵਾਸ ਉੱਠਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਦੋ ਦਿਨਾਂ ਵਿੱਚ ਚੋਰਾਂ ਨੂੰ ਕਾਬੂ ਕਰ ਕੇ ਕਾਰਵਾਈ ਨਾ ਕੀਤੀ ਤਾਂ ਉਹ ਸੜਕ ’ਤੇ ਧਰਨਾ ਦੇਣ ਲਈ ਮਜਬੂਰ ਹੋਣਗੇ।
