ਨਵਾਂਸ਼ਹਿਰ, 12 ਫਰਵਰੀ (ਬੋਬੀ ਸਹਿਜਲ – ਧਰਮਿੰਦਰ) : ਕੋਜੈਨਰੇਸ਼ਨ ਪਾਵਰ ਪਲਾਂਟ ਨਵਾਂਸ਼ਹਿਰ ਦੀ ਸੁਆਹ ਬੰਦ ਕਰਾਉਣ ਲਈ ਸੰਘਰਸ਼ ਕਰ ਰਹੇ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਨੇ ਅੱਜ ਗੁਰਦੁਆਰਾ ਮੰਜੀ ਸਾਹਿਬ ਵਿਖੇ ਮੀਟਿੰਗ ਕਰਕੇ 21 ਫਰਵਰੀ ਨੂੰ ਚੰਡੀਗੜ ਚੌਂਕ ਨਵਾਂਸ਼ਹਿਰ ਵਿਖੇ ਦਿੱਤੇ ਜਾ ਰਹੇ ਧਰਨੇ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।ਇਸ ਤਿਆਰੀ ਲਈ 7 ਸਬ ਕਮੇਟੀਆਂ ਬਣਾਈਆਂ ਗਈਆਂ ਜੋ ਸ਼ਹਿਰ ਦੇ ਮੁਹੱਲਿਆਂ ਅਤੇ ਪ੍ਰਭਾਵਿਤ ਪਿੰਡਾਂ ਵਿੱਚ ਜਾਕੇ ਲੋਕਾਂ ਨੂੰ ਇਸ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਤਿਆਰ ਕਰਨਗੀਆਂ।ਧਰਨਾ ਲਾਉਣ ਦਾ ਫੈਸਲਾ ਮੰਚ ਦੀ 5 ਫਰਵਰੀ ਨੂੰ ਹੋਈ ਲੋਕ ਸੰਘਰਸ਼ ਮੰਚ ਦੀ ਮੀਟਿੰਗ ਵਿੱਚ ਲਿਆ ਗਿਆ ਸੀ।ਮੀਟਿੰਗ ਉਪਰੰਤ ਇਸ ਪ੍ਰਦੂਸ਼ਣ ਵਿਰੁੱਧ ਸੰਘਰਸ਼ ਕਰ ਰਹੇ ਲੋਕ ਸੰਘਰਸ਼ ਮੰਚ ਨਵਾਂਸ਼ਹਿਰ ਦੇ ਕਨਵੀਨਰ ਜਸਬੀਰ ਦੀਪ ਨੇ ਕਿਹਾ ਹੈ ਕਿ ਜਿਲਾ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨਾਲ ਇਹ ਵਾਅਦਾ ਕੀਤਾ ਹੋਇਆ ਹੈ ਕਿ 17 ਫਰਵਰੀ ਤੱਕ ਇਸ ਮਸਲੇ ਦਾ ਸਥਾਈ ਹੱਲ ਕਰਕੇ ਸ਼ਹਿਰ ਵਾਸੀਆਂ ਨੂੰ ਪੱਕੇ ਤੌਰ ਉੱਤੇ ਸੁਆਹ ਤੋਂ ਛੁਟਕਾਰਾ ਦਿਵਾ ਦਿੱਤਾ ਜਾਵੇਗਾ।ਇਸ ਲਈ ਪ੍ਰਸ਼ਾਸਨ ਦੀ ਹੁਣ ਜਿੰਮੇਵਾਰੀ ਬਣਦੀ ਹੈ ਕਿ ਸ਼ਹਿਰ ਵਾਸੀਆਂ ਉੱਤੇ ਡਿੱਗਦੀ ਸੁਆਹ ਬੰਦ ਕਰਵਾਏ।ਉਹਨਾਂ ਕਿਹਾ ਕਿ ਕਰੀਬ ਦੋ ਮਹੀਨੇ ਤੋਂ ਪਾਵਰ ਪਲਾਂਟ ਦੀ ਜ਼ਹਿਰੀਲੀ ਸੁਆਹ ਡਿੱਗ ਰਹੀ ਹੈ ਜਿਸਦੇ ਲਈ ਪਾਵਰ ਪਲਾਂਟ ਦੇ ਪ੍ਰਬੰਧਕਾਂ ਦੇ ਨਾਲ ਨਾਲ ਜਿਲਾ ਪ੍ਰਸ਼ਾਸਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਵੀ ਬਰਾਬਰ ਦੇ ਜੁੰਮੇਵਾਰ ਹਨ ਜਿਹਨਾਂ ਪ੍ਰਤੀ ਨਵਾਸ਼ਹਿਰ ਵਾਸੀ ਗੁੱਸੇ ਨਾਲ ਭਰੇ ਪਏ ਹਨ।ਜੇਕਰ ਪਾਵਰ ਪਲਾਂਟ ਦੀ ਸੁਆਹ 17 ਫਰਵਰੀ ਤੱਕ ਬੰਦ ਨਹੀਂ ਕਰਵਾਈ ਜਾਂਦੀ ਤਾਂ ਲੋਕਾਂ ਦਾ ਗੁੱਸਾ 21 ਫਰਵਰੀ ਨੂੰ ਪਾਵਰ ਪਲਾਂਟ ਦੇ ਪ੍ਰਬੰਧਕਾਂ ਦੇ ਨਾਲ ਨਾਲ ਪ੍ਰਸ਼ਾਸਨ ਉੱਤੇ ਵੀ ਚੰਡੀਗੜ ਚੌਂਕ ਵਿੱਚ ਇਕ ਵਾਰ ਫਿਰ ਫੁੱਟੇਗਾ।ਉਹਨਾਂ ਸ਼ਹਿਰ ਦੀਆਂ ਸਮੂੰਹ ਸਮਾਜਿਕ, ਧਾਰਮਿਕ ,ਸੰਘਰਸ਼ਸ਼ੀਲ ਜਥੇਬੰਦੀਆਂ,ਮਿਉਂਸਪਲ ਕੌਸਲਰਾਂ ਅਤੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ 21 ਫਰਵਰੀ ਨੂੰ ਠੀਕ 10 ਵਜੇ ਗੁਰਦੁਆਰਾ ਸਿੰਘ ਸਭਾ ਵਿਖੇ ਇਕੱਠੇ ਹੋਣ।ਇਸ ਮੀਟਿੰਗ ਵਿੱਚ ਸਤੀਸ਼ ਕੁਮਾਰ,ਬਲਵੀਰ ਕੁਮਾਰ,ਜਰਨੈਲ ਸਿੰਘ ਖਾਲਸਾ,ਅਸ਼ਵਨੀ ਜੋਸ਼ੀ,ਡਾਕਟਰ ਗੁਰਮਿੰਦਰ ਸਿੰਘ ਬਡਵਾਲ,ਪ੍ਰਿੰਸੀਪਲ ਬਿਕਰਮਜੀਤ ਸਿੰਘ,ਪ੍ਰੋ ਇਕਬਾਲ ਸਿੰਘ ਚੀਮਾ,ਪਰਦੀਪ ਕੁਮਾਰ ਚਾਂਦਲਾ,ਮੁਕੰਦ ਲਾਲ,ਸੋਹਨ ਸਿੰਘ ਸਲੇਮਪੁਰੀ,ਸਤਨਾਮ ਸਿੰਘ ਗੁਲਾਟੀ,ਸਾਬਕਾ ਐਮ.ਸੀ ਜਸਵਿੰਦਰ ਸਿੰਘ ਜੱਸੀ, ਹਰਮੇਸ਼ ਗੁਲੇਰੀਆ,ਵਾਸਦੇਵ ਪ੍ਰਦੇਸੀ,ਸੁਭਾਸ਼ ਚੰਦਰ ਅਰੋੜਾ,ਕਿਰਨਜੀਤ ਕੌਰ,ਗੁਰਪ੍ਰੀਤ ਸਿੰਘ, ਰਾਜੂ ਬਰਨਾਲਾ, ਜਸਪਾਲ ਸਿੰਘ ਗਿੱਦਾ,ਗੋਪਾਲ ਅਤੇ ਹਰੇ ਰਾਮ ਨੇ ਵਿਚਾਰ ਪੇਸ਼ ਕੀਤੇ।
