ਮਹਿਲ ਕਲਾਂ(ਅਸਵਨੀ-ਧਰਮਿੰਦਰ )ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਹਿਲ ਕਲਾਂ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਵੱਡਾ ਇਕੱਠ ਸ਼ਹੀਦ ਯਸ਼ਪਾਲ ਯਾਦਗਾਰ ਪਾਰਕ ਮਹਿਲ ਕਲਾਂ ਵਿਖੇ ਹੋਇਆ। ਇਸ ਇਕੱਠ ‘ਚ ਬਲਾਕ ਮਹਿਲ ਕਲਾਂ ਦੀਆਂ 19 ਪਿੰਡ ਇਕਾਈਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਅੱਜ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਬਲਾਕ ਮਹਿਲ ਕਲਾਂ ਦੇ ਜਨਰਲ ਸਕੱਤਰ ਅਮਨਦੀਪ ਸਿੰਘ ਰਾਏਸਰ ਨੇ ਦੱਸਿਆ ਕਿ ਜਨਰਲ ਕੌਂਸਲ ‘ਚ ਮਨਜੀਤ ਸਿੰਘ ਧਨੇਰ ਦੇ ਕਾਰਜਕਾਰੀ ਪ੍ਰਧਾਨ ਵਜੋਂ ਵਡੇਰੀ ਜ਼ਿੰਮੇਵਾਰੀ ਸੰਭਾਲਣ ਨਾਲ ਵਰਕਰਾਂ ਦੇ ਹੌਸਲੇ ਬੁਲੰਦ ਹੋਏ ਹਨ। ਆਪਣੇ ਸੰਬੋਧਨ ‘ਚ ਮਨਜੀਤ ਸਿੰਘ ਧਨੇਰ, ਸਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ ਨੇ ਮੌਜੂਦਾ ਹਾਲਾਤ ਬਾਰੇ ਜਾਣੂ ਕਰਵਾਇਆ। ਆਗੂਆਂ ਨੇ ਬੂਟਾ ਸਿੰਘ ਬੁਰਜਗਿੱਲ ਦੇ ਗੁੱਟ ਵੱਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੰਵਿਧਾਨ ਤੇ ਐਲਾਨਨਾਮੇ ਤੋਂ ਭਗੌੜਾ ਹੋ ਜਾਣ ਦੇ ਕਾਰਨਾਂ ਤੋਂ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਤੇ ਨਵੀਆਂ ਹਾਲਤਾਂ ਦੀ ਚੁਣੌਤੀ ਜਥੇਬੰਦਕ ਢਾਂਚੇ ਨੂੰ ਹੋਰ ਵਧੇਰੇ ਮਜ਼ਬੂਤ ਕਰਨ ਲਈ ਆਗੂਆਂ ਦੇ ਰੂਪ ‘ਚ ਅੱਗੇ ਆਉਣ ਦਾ ਸੱਦਾ ਦਿੱਤਾ। ਆਗੂਆਂ ਨਵੀਆਂ ਵਿਸ਼ੇਸ਼ ਹਾਲਤਾਂ ਦੇ ਪ੍ਰਸੰਗ ਵਿੱਚ ਬਲਾਕ ਮਹਿਲਕਲਾਂ ਦੇ ਪ੍ਰਧਾਨ ਜਗਰਾਜ ਸਿੰਘ ਹਰਦਾਸਪੁਰਾ ਨੂੰ ਆਉਣ ਵਾਲੇ ਸਮੇਂ ਵਿੱਚ ਵਡੇਰੀ ਜ਼ਿੰਮੇਵਾਰੀ ਸੰਭਾਲਣ ਦੇ ਪ੍ਰਸੰਗ ‘ਚ ਜਥੇਬੰਦਕ ਢਾਂਚੇ ਨੂੰ ਨਵਿਆਉਣ ਦੀ ਲੋੜ ਬਾਰੇ ਜਾਣਕਾਰੀ ਦਿੱਤੀ। ਜਿਸ ਕਰਕੇ ਸਾਰੀਆਂ ਪਿੰਡ ਇਕਾਈਆਂ ਦੀ ਸਹਿਮਤੀ ਨਾਲ ਆਉਣ ਵਾਲੇ ਸਮੇਂ ਲਈ ਨਾਨਕ ਸਿੰਘ ਅਮਲਾ ਸਿੰਘ ਵਾਲਾ ਨੂੰ ਪ੍ਰਧਾਨ, ਅਮਨਦੀਪ ਸਿੰਘ ਰਾਏਸਰ ਨੂੰ ਜਨਰਲ ਸਕੱਤਰ, ਜਗਰੂਪ ਸਿੰਘ ਗਹਿਲ ਨੂੰ ਸੀਨੀਅਰ ਮੀਤ ਪ੍ਰਧਾਨ, ਜੱਗਾ ਸਿੰਘ ਮਹਿਲ ਕਲਾਂ, ਜੱਗੀ ਸਿੰਘ ਕੁਰੜ, ਪ੍ਰਰੀਤਮ ਸਿੰਘ ਮਹਿਲ ਕਲਾਂ, ਅੰਗਰੇਜ਼ ਸਿੰਘ ਰਾਏਸਰ ਨੂੰ ਮੀਤ ਪ੍ਰਧਾਨ, ਸੁਖਦੇਵ ਸਿੰਘ ਕੁਰੜ ਨੂੰ ਖ਼ਜ਼ਾਨਚੀ ਚੁਣਿਆ ਗਿਆ। ਜੋਸ਼ ਤੇ ਹੋਸ਼ ਦਾ ਸੁਮੇਲ ਬਿਠਾਉਂਦੇ ਹੋਏ ਯੂਥ ਵਿੰਗ ਬਲਾਕ ਮਹਿਲਕਲਾਂ ਦੀ ਚੋਣ ਕੀਤੀ ਗਈ। ਜਸਵਿੰਦਰ ਸਿੰਘ ਗਹਿਲ, ਗਗਨ ਕੁਰੜ, ਸੇਵਕ ਸਿੰਘ ਮਾਂਗੇਵਾਲ, ਅਮਨਦੀਪ ਸਿੰਘ ਮਨਾਲ, ਸਤਨਾਮ ਸਿੰਘ ਮੂੰਮ, ਪ੍ਰਗਟ ਸਿੰਘ, ਜਸਵਿੰਦਰ ਸਿੰਘ ਰਾਏਸਰ ਆਧਾਰਿਤ ਨਵੀਂ ਟੀਮ ਨੂੰ ਜ਼ਿੰਮੇਵਾਰੀ ਸੌਂਪੀ ਗਈ। ਚੁਣੀ ਗਈ ਨਵੀਂ ਟੀਮ ਨੂੰ ਮਨਜੀਤ ਸਿੰਘ ਧਨੇਰ, ਸਾਹਿਬ ਸਿੰਘ ਬਡਬਰ, ਜਗਰਾਜ ਸਿੰਘ ਹਰਦਾਸਪੁਰਾ ਨੇ ਜਥੇਬੰਦੀ ਦੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਸਿੱਖ ਬੰਦੀਆਂ ਦੀ ਰਿਹਾਈ ਲਈ ਮੋਹਾਲੀ ਵਿਖੇ ਚੱਲ ਰਹੇ ਮੋਰਚੇ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪੰਜਾਬ ਦੀਆਂ 31 ਕਿਸਾਨ ਜੱਥੇਬੰਦੀਆਂ ਦੇ ਸੱਦੇ ਤੇ 20 ਫਰਬਰੀ ਨੂੰ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਨ ਕਰਨ ਦਾ ਫ਼ੈਸਲਾ ਕੀਤਾ ਗਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕੇਂਦਰੀ ਸਰਕਾਰ ਖ਼ਲਿਾਫ਼ ਸ਼ੁਰੂ ਕੀਤੇ ਸੰਘਰਸ਼ ਦੇ ਅਗਲੇ ਪੜਾਅ ਵਜੋਂ ਬਜਟ ਸੈਸ਼ਨ ਦੌਰਾਨ 20 ਮਾਰਚ ਨੂੰ ਪਾਰਲੀਮੈਂਟ ਵੱਲ ਕੀਤੇ ਜਾਣ ਵਾਲੇ ਮਾਰਚ ‘ਚ ਸੂਬਾ ਕਮੇਟੀ ਦੀ ਅਗਵਾਈ ‘ਚ ਹਜ਼ਾਰਾਂ ਦੀ ਗਿਣਤੀ ‘ਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਮਾਰਚ ਦੇ ਪਹਿਲੇ ਪੰਦਰਵਾੜੇ ਪਿੰਡਾਂ ‘ਚ ਬਕਾਇਦਾ ਵੱਡੀਆਂ ਮੀਟਿੰਗਾਂ ਕਰਵਾਕੇ ਤਿਆਰੀ ਕੀਤੀ ਜਾਵੇਗੀ। 25 ਫਰਵਰੀ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਗੁਰਦੁਆਰਾ ਕਾਲਾ ਮਾਹਿਰ ਬਰਨਾਲਾ ਵਿਖੇ ਜ਼ਿਲ੍ਹਾ ਪੱਧਰੀ ਚੋਣ ਇਤਿਹਾਸ ‘ਚ ਡੈਲੀਗੇਟਾਂ ਤੇ ਦਰਸ਼ਕਾਂ ਨੂੰ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।