ਜਗਰਾਉਂ, 19 ਜੁਲਾਈ ( ਭਗਵਾਨ ਭੰਗੂ, ਜਗਰੂਪ ਸੋਹੀ )-ਮੋਟਰਸਾਈਕਲ ’ਤੇ ਸਵਾਰ ਹੋ ਕੇ ਘਰੋਂ ਕੰਮ ’ਤੇ ਜਾ ਰਹੇ ਦੋ ਭਰਾਵਾਂ ਨੂੰ ਦਿਨ ਦਿਹਾੜੇ ਕਰੀਬ 10 ਵਜੇ ਰਸਤੇ ’ਚ ਲੁਟੇਰਿਆਂ ਨੇ ਘੇਰ ਕੇ ਹਥਿਆਰਾਂ ਦੇ ਜ਼ੋਰ ’ਤੇ ਲੁੱਟ ਲਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਕਰਨ ਤੋਂ ਬਾਅਦ ਹਥਿਆਰਾਂ ਸਮੇਤ ਫਰਾਰ ਹੋ ਗਏ। ਇਸ ਸਬੰਧ ’ਚ ਪੁਲਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਲਈ ਉਸ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਚੌਂਕੀ ਚੌਂਕੀਮਾਨ ਦੇ ਇੰਚਾਰਜ ਏ.ਐਸ.ਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਪਿੰਡ ਢੋਲਣ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਉਰਫ਼ ਮਾਨਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ 17 ਜੁਲਾਈ ਨੂੰ ਸਵੇਰੇ 10 ਵਜੇ ਦੇ ਕਰੀਬ ਉਹ ਆਪਣੇ ਵੱਡੇ ਭਰਾ ਪਰਮਿੰਦਰ ਸਿੰਘ ਨਾਲ ਆਪਣੇ ਪਿੰਡ ਢੋਲਣ ਤੋਂ ਪਲਟੀਨਾ ਮੋਟਰਸਾਈਕਲ ’ਤੇ ਪਿੰਡ ਹਾਂਸ ਕਲਾਂ ਨੂੰ ਕੰਮ ਲਈ ਜਾ ਰਿਹਾ ਸੀ। ਜਦੋਂ ਅਸੀਂ ਪਿੰਡ ਹਾਂਸ ਕਲਾਂ ਦੇ ਨੇੜੇ ਪਹੁੰਚੇ ਤਾਂ ਰਮਨਦੀਪ ਸਿੰਘ ਉਰਫ ਲਵੀ ਵਾਸੀ ਹਾਂਸ ਕਲਾਂ ਅਤੇ ਰਾਜਾ ਸਿੰਘ ਵਾਸੀ ਪਿੰਡ ਢੋਲਣ ਨੇ ਆਪਣਾ ਮੋਟਰਸਾਈਕਲ ਸਾਡੇ ਅੱਗੇ ਲਗਾ ਕੇ ਸਾਨੂੰ ਘੇਰ ਲਿਆ ਅਤੇ ਰਮਨਦੀਪ ਸਿੰਘ ਅਤੇ ਰਾਜਾ ਸਿੰਘ ਨੇ ਮੈਨੂੰ ਖੰਡਾ ਦਿਖਾਉਂਦੇ ਹੋਏ ਕਿਹਾ ਕਿ ਜੋ ਵੀ ਹੈ, ਕੱਢ ਦਿਓ। ਜਦੋਂ ਮੈਂ ਉਸ ਦਾ ਵਿਰੋਧ ਕੀਤਾ ਤਾਂ ਰਮਨਦੀਪ ਸਿੰਘ ਨੇ ਖੰਡਾ ਨਾਲ ਮੇਰੇ ਕੰਨ ’ਤੇ ਵਾਰ ਕਰ ਦਿੱਤਾ ਅਤੇ ਮੈਂ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਰਾਜਾ ਸਿੰਘ ਨੇ ਮੇਰੀ ਜੇਬ ’ਚੋਂ ਤਿੰਨ ਹਜ਼ਾਰ ਰੁਪਏ ਕੱਢ ਲਏ ਅਤੇ ਰਮਨਦੀਪ ਸਿੰਘ ਫਿਰ ਮੇਰੇ ’ਤੇ ਡਿੱਗੇ ਪਏ ਦੇ ਮੇਰੇ ਗੋਡੇ ਤੋਂ ਹੇਠਾਂ ਖੰਡਾ ਮਾਰਿਆ ਅਤੇ ਮੇਰਾ ਮੋਬਾਈਲ ਫੋਨ ਖੋਹ ਲਿਆ। ਮੇਰੇ ਭਰਾ ਪਰਮਿੰਦਰ ਸਿੰਘ ਨੇ ਵੀ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਮਾਰ ਦਿਤਾ ਦਾ ਰੌਲਾ ਪਾਇਆ। ਲੋਕਾਂ ਦਾ ਇਕੱਠ ਹੁੰਦਾ ਦੇਖ ਕੇ ਦੋਵੇਂ ਮੇਰੇ ਕੋਲੋਂ 3 ਹਜ਼ਾਰ ਰੁਪਏ ਅਤੇ ਮੋਬਾਈਲ ਖੋਹ ਕੇ ਹਥਿਆਰਾਂ ਸਮੇਤ ਮੋਟਰਸਾਈਕਲ ’ਤੇ ਮੌਕੇ ਤੋਂ ਫਰਾਰ ਹੋ ਗਏ। ਏਐਸਆਈ ਸੁਖਮੰਦਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਰਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਲਈ ਉਸ ਦਾ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।