ਸਿੱਧਵਾਂਬੇਟ, 20 ਫਰਵਰੀ ( ਲਿਕੇਸ਼ ਸ਼ਰਮਾਂ, ਅਸ਼ਵਨੀ )-ਥਾਣਾ ਸਿੱਧਵਾਂਬੇਟ ਦੇ ਅਧੀਨ ਪਿੰਡ ਭਰੋਵਾਲ ਕਲਾ ਵਿਖੇ ਕੁੱਤੇ ਨੂੰ ਘੁਮਾਉਣ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਝੜਪ ਹੋ ਗਈ। ਜਿਸ ’ਤੇ ਪੁਲੀਸ ਨੇ ਦੋਵਾਂ ਧਿਰਾਂ ਦੇ ਤਿੰਨ-ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲੀਸ ਚੌਕੀ ਭੂੰਦੜੀ ਦੇ ਇੰਚਾਰਜ ਏਐਸਆਈ ਦਲਜੀਤ ਸਿੰਘ ਨੇ ਦੱਸਿਆ ਕਿ ਕਰਮ ਸਿੰਘ ਵਾਸੀ ਪਿੰਡ ਭਰੋਵਾਲ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਦੇਰ ਸ਼ਾਮ ਆਪਣੇ ਘਰ ਦੇ ਗੇਟ ਕੋਲ ਖੜ੍ਹਾ ਸੀ। ਉਥੇ ਉਸ ਨੇ ਦੇਖਿਆ ਕਿ ਦਲਜੀਤ ਸਿੰਘ ਆਪਣੇ ਕੁੱਤੇ ਨਾਲ ਮੇਰੇ ਘਰ ਦੀ ਕੰਧ ਨਾਲ ਲਈ ਖੜ੍ਹਾ ਸੀ। ਜਿਸ ’ਤੇ ਉਸ ਨੇ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਕਿ ਤੁਸੀਂ ਆਪਣੇ ਕੁੱਤੇ ਨੂੰ ਮੇਰੇ ਘਰ ਦੇ ਨੇੜੇ ਨਾ ਲਿਆਓ ਤਾਂ ਉਸ ਨੇ ਕਿਹਾ ਕਿ ਮੈਂ ਅਜਿਹਾ ਹੀ ਕਰਾਂਗਾ ਅਤੇ ਉਸ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕੁੱਟਮਾਰ ਵੀ ਕੀਤੀ। ਜਦੋਂ ਸ਼ਿਕਾਇਤਕਰਤਾ ਘਰ ਅੰਦਰ ਚਲਾ ਗਿਆ ਤਾਂ ਦਲਜੀਤ ਸਿੰਘ, ਉਸ ਦੇ ਭਰਾ ਅਮਰਜੀਤ ਸਿੰਘ ਅਤੇ ਪਿਤਾ ਬਲਦੇਵ ਸਿੰਘ ਨੇ ਉਸ ਦੇ ਘਰ ਅੰਦਰ ਵੜ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਦੋਂ ਮੇਰੀ ਪਤਨੀ ਛੁਡਾਉਣ ਆਈ ਤਾਂ ਉਨ੍ਹਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ। ਕਰਮ ਸਿੰਘ ਦੀ ਸ਼ਿਕਾਇਤ ’ਤੇ ਬਲਦੇਵ ਸਿੰਘ ਅਤੇ ਉਸ ਦੇ ਦੋ ਲੜਕਿਆਂ ਦਲਜੀਤ ਸਿੰਘ ਅਤੇ ਅਮਰਜੀਤ ਸਿੰਘ ਵਾਸੀ ਭੈਰੋਵਾਲ ਕਲਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਦੂਜੇ ਪਾਸੇ ਇਸੇ ਮਾਮਲੇ ਵਿੱਚ ਦਲਜੀਤ ਸਿੰਘ ਵਾਸੀ ਭਰੋਵਾਲ ਕਲਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਉਹ ਆਪਣੇ ਖੇਤ ਵਾਲੀ ਸਾਈਡ ’ਤੇ ਜਾ ਰਿਹਾ ਸੀ। ਉਸ ਸਮੇਂ ਕਰਮ ਸਿੰਘ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਜਦੋਂ ਉਹ ਉਸਦੇ ਘਰ ਅੱਗੋਂ ਲੰਘਣ ਲੱਗਾ ਤਾਂ ਉਸ ਨੇ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਕਿਹਾ ਕਿ ਤੂੰ ਆਪਣਾ ਕੁੱਤਾ ਸਾਡੇ ਘਰ ਨੇੜੇ ਕਿਉਂ ਲਿਆਉਂਦਾ ਹੈਂ। ਇਹ ਕਹਿ ਕੇ ਉਸ ਨੇ ਮੈਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਸੇ ਸਮੇਂ ਉਸ ਦੀ ਪਤਨੀ ਪਰਮਜੀਤ ਕੌਰ ਅਤੇ ਮਜ਼ਦੂਰ ਵੀ ਉੱਥੇ ਆ ਗਏ। ਉਨ੍ਹਾਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਦੋਂ ਮੇਰਾ ਪਿਤਾ ਉਨ੍ਹਾਂ ਦੇ ਘਰ ਉਲਾਂਭਾ ਦੇਣ ਲਈ ਉਸ ਦੇ ਘਰ ਗਿਆ ਤਾਂ ਉਨ੍ਹਾਂ ਮੇਰੇ ਪਿਤਾ ਨੂੰ ਵੀ ਗਾਲ੍ਹਾਂ ਕੱਢੀਆਂ। ਦਲਜੀਤ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਿੱਧਵਾਂਬੇਟ ਵਿਖੇ ਕਰਮ ਸਿੰਘ, ਉਸ ਦੀ ਪਤਨੀ ਪਰਮਜੀਤ ਕੌਰ ਅਤੇ ਮਜ਼ਦੂਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।