ਸੁਧਾਰ, 18 ਫਰਵਰੀ ( ਬੌਬੀ ਸਹਿਜਲ, ਧਰਮਿੰਦਰ )-18 ਫਰਵਰੀ ਨੂੰ ਹੋਣ ਵਾਲੇ ਸੁਧਾਰ ਟੂਰਨਾਮੈਂਟ ਦੇ ਅਚਾਨਕ ਰੱਦ ਕੀਤੇ ਜਾਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚਰਚਾ ਚੱਲ ਰਹੀ ਸੀ ਕਿ ਗੈਂਗਸਟਰਾਂ ਦੀ ਧਮਕੀ ਤੋਂ ਬਾਅਦ ਇਹ ਟੂਰਨਾਮੈਂਟ ਰੱਦ ਕੀਤਾ ਗਿਆ ਹੈ। ਪਰ ਇਸ ਸਬੰਧੀ ਕਲੱਬ ਦੇ ਪ੍ਰਧਾਨ ਕਰਮ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਆਪਣੀ ਵੀਡੀਓ (ਜੋ ਕਿ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵੱਲੋਂ ਵੀ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਊੰਟ ’ਤੇ ਵੀ ਚਲਾਈ ਜਾ ਰਹੀ ਹੈ ) ਨੇ ਦੱਸਿਆ ਕਿ ਟੂਰਨਾਮੈਂਟ ’ਚ ਭਾਗ ਲੈਣ ਵਾਲੀਆਂ ਟੀਮਾਂ ਦੀ ਗਿਣਤੀ ਘੱਟ ਹੋਣ ਕਾਰਨ ਇਹ ਟੂਰਨਾਮੈਂਟ ਸਮੂਹ ਪ੍ਰਬੰਧਕ ਕਮੇਟੀ ਅਤੇ ਪਹੁੰਚੀਆਂ ਟੀਮਾਂ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਰੱਦ ਕਰ ਦਿੱਤਾ ਗਿਆ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਅਫਵਾਹ ਫੈਲਾਈ ਜਾ ਰਹੀ ਹੈ ਕਿ ਗੈਂਗਸਟਰਾਂ ਦੀਆਂ ਧਮਕੀਆਂ ਤੋਂ ਬਾਅਦ ਟੂਰਨਾਮੈਂਟ ਰੱਦ ਕਰ ਦਿੱਤਾ ਗਿਆ ਹੈ। ਕਲੱਬ ਦੇ ਮੁਖੀ ਸਿੱਧੂ ਨੇ ਸਪੱਸ਼ਟ ਕੀਤਾ ਕਿ ਨਾ ਤਾਂ ਟੂਰਨਾਮੈਂਟ ਕਮੇਟੀ ਦੇ ਕਿਸੇ ਮੈਂਬਰ ਅਤੇ ਨਾ ਹੀ ਕਿਸੇ ਟੀਮ ਜਾਂ ਖਿਡਾਰੀ ਨੂੰ ਕੋਈ ਧਮਕੀ ਮਿਲੀ ਹੈ। ਆਉਣ ਵਾਲੇ ਸਮੇਂ ਵਿੱਚ ਟੂਰਨਾਮੈਂਟ ਦੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।
