ਗੜ੍ਹਦੀਵਾਲਾ (ਮੋਹਿਤ ਜੈਨ-ਅਸਵਨੀ) ਪਿੰਡ ਧੂਤ ਕਲਾਂ ਵਿਖੇ ਅਮਰ ਸ਼ਹੀਦ ਕਾਮਰੇਡ ਚੰਨਣ ਸਿੰਘ ਧੂਤ ਤੇ ਹੁਕਮ ਚੰਦ ਗੁਲਸ਼ਨ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਅੱਜ ਦੇ ਇਸ ਸ਼ਰਧਾਂਜਲੀ ਸਮਾਗਮ ਵਿਚ ਪਿੰਡ ਵਾਸੀ ਇਲਾਕਾ ਨਿਵਾਸੀ ਤੇ ਪਾਰਟੀ ਵਰਕਰ ਭਾਰੀ ਗਿਣਤੀ ਵਿਚ ਹਾਜ਼ਰ ਹੋਏ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਸੀਪੀਐੱਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਦੇਸ਼ ਦੀ ਆਜ਼ਾਦੀ ਲਈ ਤੇ ਫਿਰਕੂ ਏਕਤਾ ਕਾਇਮ ਰੱਖਣ ਲਈ ਬਹੁਤਿਆਂ ਸ਼ਹਾਦਤਾਂ ਸੀਪੀਐੱਮ ਦੇ ਹਿੱਸੇ ਹੀ ਆਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਕਾਮਰੇਡ ਧੂਤ ਨੇ ਦੇਸ਼ ਦੀ ਆਜ਼ਾਦੀ ਲਈ 8 ਸਾਲ ਜੇਲ੍ਹ ਕੱਟੀ ਤੇ ਬਾਅਦ ਵਿਚ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੀ ਜਾਨ ਦੀ ਅਹੂਤੀ ਦਿੱਤੀ। ਉਨ੍ਹਾਂ ਕਿਹਾ ਫਿਰਕਾਪ੍ਰਸਤ ਤੇ ਕਾਰਪੋਰੇਟ ਘਰਾਣਿਆਂ ਨੂੰ ਨਿਖੇੜਨਾ ਬਹੁਤ ਜ਼ਰੂਰੀ ਹੈ। ਉਨਾਂ੍ਹ ਪੰਜਾਬ ਦੇ ਹਾਲਾਤ ਬਾਰੇ ਬੋਲਦਿਆਂ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਬਣੀ ਹੋਈ ਹੈ। ਭਗਵੰਤ ਇਕ ਚੰਗਾ ਕਮੇਡੀਅਨ ਤਾਂ ਹੋ ਸਕਦਾ ਹੈ, ਪਰ ਚੰਗਾ ਮੁੱਖ ਮੰਤਰੀ ਨਹੀਂ ਹੋ ਕੇ ਦਿਖਾਇਆ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੇ ਕੁਝ ਐੱਮਐੱਲਏ ਉਹੀ ਕੰਮ ਕਰ ਰਹੇ ਹਨ ਜੋ ਕਾਂਗਰਸ ਅਤੇ ਬੀਜੇਪੀ ਅਕਾਲੀ ਵਾਲੇ ਕਰਦੇ ਸਨ। ਉਨ੍ਹਾਂ ਕਿਹਾ ਕੇ ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਚਲਾਉਣ ਲਈ ਹੁਣ ਤਕ 30000 ਕਰੋੜ ਦਾ ਕਰਜ਼ਾ ਲੈ ਲਿਆ ਹੈ। ਇਹ ਕਰਜ਼ੇ ਲੈ ਕੇ ਸਰਕਾਰ ਕਿੰਨਾ ਕੁ ਚਿਰ ਚੱਲੇਗਾ। ਉਨਾਂ੍ਹ ਮੋਦੀ ਸਰਕਾਰ ‘ਤੇ ਵਰ੍ਹਦਿਆਂ ਕਿਹਾ ਕਿ ਸੈਂਟਰ ਸਰਕਾਰ ਨੇ ਮਨਰੇਗਾ ਵਿਚ ਫੰਡਾਂ ‘ਚ ਕਟੌਤੀ ਕਰਕੇ ਗਰੀਬ ਲੋਕਾਂ ਨਾਲ ਧੱਕਾ ਕੀਤਾ ਹੈ। ਉਨਾਂ੍ਹ ਕਿਹਾ ਕਿ ਲੋਕ ਜਮਹੂਰੀ ਇਨਕਲਾਬ ਕਰਨਾ ਅਤੇ ਲੋਕਾਂ ਨੂੰ ਇਸ ਲਈ ਸੰਘਰਸ਼ ਵਿਚ ਪਾ ਬਰਾਬਰਤਾ ਲਈ ਲੜਾਈ ਜਾਰੀ ਰੱਖਣਾ ਹੀ ਕਾਮਰੇਡ ਧੂਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਸਮਾਗਮ ‘ਚ ਗੁਰਮੇਸ ਸਿੰਘ ਗੁਰਨੇਕ ਸਿੰਘ ਭੱਜਲ, ਦਰਸ਼ਨ ਸਿੰਘ ਮਟੂ ਰਜਿੰਦਰ ਕੌਰ ਚੋਹਕਾ, ਸ਼ੁਭਾਸ਼ ਮੱਟੂ, ਮਹਿੰਦਰ ਕੁਮਾਰ ਬੱਢੋਆਨ, ਹਰਬੰਸ ਸਿੰਘ ਧੂਤ, ਆਦਿ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਇਹਨਾਂ ਤੋਂ ਇਲਾਵਾ ਮੈਜਰ ਫਕੀਰ ਸਿੰਘ ਸਹੋਤਾ, ਜਗਦੀਸ਼ ਸਿੰਘ ਚੋਹਕਾ, ਗੁਰਬਖ਼ਸ਼ ਸਿੰਘ ਸੂਸ, ਕਮਲੇਸ਼ ਕੌਰ ਧੂਤ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਰਣਜੀਤ ਸਿੰਘ ਚੌਹਾਨ ਆਦਿ ਵੀ ਸ਼ਾਮਲ ਸਨ।
