ਨਗਰ ਕੌਂਸਲ ਮੌੜ ਦਾ ਸਹਾਇਕ EO ਤੇ ਸੈਨੇਟਰੀ ਸੁਪਰਵਾਈਜ਼ਰ ਮੁਅੱਤਲ
ਸਰਕਾਰੀ ਫੰਡਾਂ ‘ਚ ਕੀਤੀ ਹੇਰਾ-ਫੇਰੀ
ਬਠਿੰਡਾ (ਭਗਵਾਨ ਭੰਗੂ) ਵਿਭਾਗ ਨੇ ਮੌੜ ਮੰਡੀ ਦੇ ਵਿਕਾਸ ਕਾਰਜਾਂ ਲਈ ਪੰਜਾਬ ਸਰਕਾਰ ਅਤੇ ਲੋਕਲ ਬਾਡੀਜ਼ ਵਿਭਾਗ ਵੱਲੋਂ ਜਾਰੀ ਕੀਤੇ ਲੱਖਾਂ ਰੁਪਏ ਦੇ ਸਰਕਾਰੀ ਫੰਡਾਂ ਦਾ ਗਬਨ ਕਰਨ ਦੇ ਦੋਸ਼ ਹੇਠ ਨਗਰ ਕੌਂਸਲ ਮੌੜ ਦੇ ਸਹਾਇਕ ਈਓ ਦੀਪਕ ਸੇਤੀਆ ਅਤੇ ਸੈਨੇਟਰੀ ਸੁਪਰਵਾਈਜ਼ਰ ਨੀਰਜ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ। ਨਗਰ ਨਿਗਮ ਦੇ ਪ੍ਰਮੁੱਖ ਸਕੱਤਰ ਵਿਵੇਕ ਪ੍ਰਤਾਪ ਸਿੰਘ ਨੇ ਵਿਜੀਲੈਂਸ ਟੀਮ ਵੱਲੋਂ ਕੀਤੀ ਜਾਂਚ ਤੋਂ ਬਾਅਦ ਪਾਈਆਂ ਗਈਆਂ ਕਮੀਆਂ ਦੇ ਆਧਾਰ ‘ਤੇ ਦੋਵਾਂ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਇਸ ਸਬੰਧੀ ਲਿਖਤੀ ਹੁਕਮ ਵੀ ਜਾਰੀ ਕਰ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਇਕ ਸ਼ਿਕਾਇਤ ਦੇ ਆਧਾਰ ‘ਤੇ ਵਿਜੀਲੈਂਸ ਟੀਮ ਨੇ 6 ਫਰਵਰੀ 2023 ਨੂੰ ਨਗਰ ਕੌਂਸਲ ਮੌੜ ਮੰਡੀ ਵਿਖੇ ਛਾਪਾ ਮਾਰ ਕੇ ਜਾਂਚ ਕੀਤੀ ਸੀ। ਇਸ ਦੌਰਾਨ ਕੌਂਸਲ ਦਫ਼ਤਰ ਵਿੱਚ ਮੌੜ ਕੌਂਸਲ ਦੇ ਲੇਖਾਕਾਰ ਅਤੇ ਆਰਜ਼ੀ ਕਾਰਜਸਾਧਕ ਅਫ਼ਸਰ (ਮੌਜੂਦਾ ਸਮੇਂ ਵਿੱਚ ਰਾਮਾ ਮੰਡੀ ਵਿਖੇ ਤਾਇਨਾਤ) ਦੀਪਕ ਸੇਤੀਆ ਤੇ ਸੈਨੇਟਰੀ ਸੁਪਰਵਾਈਜ਼ਰ ਨੀਰਜ ਕੁਮਾਰ ਨੇ ਆਪਣੀਆਂ ਤਾਕਤਾਂ ਦੀ ਦੁਰਵਰਤੋਂ ਕਰਦਿਆਂ ਵਿਕਾਸ ਕਾਰਜਾਂ ਲਈ ਆਏ ਲੱਖਾਂ ਰੁਪਏ ਦੇ ਫੰਡਾਂ ਵਿੱਚ ਗਬਨ ਕੀਤਾ ਗਿਆ। ਜਿਸ ਵਿੱਚ ਮੌੜ ਮੰਡੀ ਦੇ ਵੱਖ-ਵੱਖ ਵਿਕਾਸ ਕਾਰਜਾਂ ਲਈ ਫੰਡ ਵੀ ਸ਼ਾਮਲ ਕੀਤੇ ਗਏ। ਵਿਜੀਲੈਂਸ ਦੀ ਰਿਪੋਰਟ ਦੇ ਆਧਾਰ ‘ਤੇ ਬਾਡੀ ਵਿਭਾਗ ਨੇ ਦੋਵਾਂ ਅਧਿਕਾਰੀਆਂ ਨੂੰ ਦੋਸ਼ੀ ਮੰਨਦਿਆਂ ਮੁਅੱਤਲ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।