ਜਗਰਾਉਂ, 19 ਅਪ੍ਰੈਲ ( ਵਿਕਾਸ ਮਠਾੜੂ)-ਜੀ.ਐਚ.ਜੀ. ਅਕੈਡਮੀ ਵਿਚ ਹਮੇਸ਼ਾ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਯਤਨ ਕੀਤਾ ਜਾਂਦਾ ਹੈ। ਵਿਦਿਆਰਥੀਆਂ ਦੀ ਸਰੀਰਕ ਤੰਦਰੁਸਤੀ ਲਈ ਸਕੂਲ ਵਿੱਚ ਉਨ੍ਹਾਂ ਦੀਆਂ ਸਮੇਂ- ਸਮੇਂ ਤੇ ਵੱਖ-ਵੱਖ ਖੇਡਾਂ ਅਤੇ ਖੇਡ ਮੁਕਾਬਲੇ ਕਰਵਾਏ ਜਾਂਦੇ ਹਨ । ਇਸ ਨਾਲ ਵਿਦਿਆਰਥੀਆਂ ਦੇ ਆਤਮ ਵਿਸ਼ਵਾਸ ਵਿੱਚ ਵਾਧਾ ਹੁੰਦਾ ਹੈ, ਉਨ੍ਹਾਂ ਦਾ ਮਨੋਬਲ ਉੱਚਾ ਹੁੰਦਾ ਹੈ, ਮੁਕਾਬਲੇ ਦੀ ਭਾਵਨਾ ਪੈਦਾ ਹੁੰਦੀ ਹੈ, ਫੈਸਲਾ ਲੈਣ ਦੀ ਯੋਗਤਾ ਵਰਗੇ ਗੁਣ ਉਤਪੰਨ ਹੁੰਦੇ ਹਨ। ਮਿਤੀ 19ਅਪ੍ਰੈਲ,2023 ਨੂੰ ਸਕੂਲ ਦੇ ਡੀ.ਪੀ. ਅਧਿਆਪਕਾਂ ਦੀ ਦੇਖ-ਰੇਖ ਹੇਠ ਸਕੂਲ ਵਿੱਚ ਵੱਖ-ਵੱਖ ਖੇਡਾਂ ਦੇ ਇੰਟਰ ਹਾਊਸ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। 6 ਵੀ ਤੋਂ 8ਵੀਂ ਜਮਾਤ ਦੇ ਹਾਕੀ ਮੁਕਾਬਲਿਆਂ ਵਿੱਚ ਜੋਰਾਵਰ ਹਾਊਸ ਦੀਆਂ ਕੁੜੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਹਾਊਸ ਦਾ ਨਾਂ ਰੌਸ਼ਨ ਕੀਤਾ ਅਤੇ ਅਜੀਤ ਹਾਊਸ ਦੀਆਂ ਕੁੜੀਆਂ ਨੇ ਦੂਜਾ ਸਥਾਨ ਹਾਸਲ ਕੀਤਾ। 6ਵੀਂ ਤੋਂ 8ਵੀਂ ਜਮਾਤ ਦੇ ਮੁੰਡਿਆਂ ਨੇ ਫੁੱਟਬਾਲ ਮੈਚ ਵਿਚ ਅਜੀਤ ਹਾਊਸ ਦੀ ਟੀਮ ਨੇ ਮੱਲਾਂ ਮਾਰ ਕੇ ਪਹਿਲਾ ਸਥਾਨ ਹਾਸਲ ਕੀਤਾ ਅਤੇ ਜੁਝਾਰ ਹਾਊਸ ਦੇ ਮੁੰਡਿਆਂ ਨੇ ਦੂਜਾ ਸਥਾਨ ਹਾਸਲ ਕੀਤਾ। ਨੌਵੀਂ ਤੋਂ ਗਿਆਰਵੀਂ ਜਮਾਤ ਦੀ ਫੁੱਟਬਾਲ ਦੀ ਟੀਮ ਵਿਚ ਜੁਝਾਰ ਹਾਊਸ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ ਹਾਸਲ ਕਰਕੇ ਆਪਣੇ ਹਾਊਸ ਦਾ ਨਾਂ ਰੌਸ਼ਨ ਕੀਤਾ। ਅਜੀਤ ਹਾਊਸ ਦੇ ਵਿਦਿਆਰਥੀਆਂ ਨੇ ਦੂਜਾ ਸਥਾਨ ਹਾਸਲ ਕੀਤਾ। ਸਕੂਲ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਜੇਤੂ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਉਨ੍ਹਾਂ ਨੂੰ ਸਰਟੀਫ਼ਿਕੇਟ ਦੇ ਕੇ ਸਨਮਾਨਤ ਕੀਤਾ। ਉਨ੍ਹਾਂ ਨੇ ਕਿਹਾ ਕਿ ਖੇਡਾਂ ਹਰ ਵਿਦਿਆਰਥੀ ਦੇ ਜੀਵਨ ਵਿਚ ਬਹੁਤ ਮਹੱਤਵਪੂਰਨ ਹਨ। ਅੱਜ ਕੱਲ ਦੇ ਤਕਨੀਕੀ ਯੁੱਗ ਵਿੱਚ ਅਤੇ ਸਮੇਂ ਦੀ ਘਾਟ ਕਾਰਨ ਬੱਚੇ ਆਪਣੇ ਘਰਾਂ ਵਿੱਚ ਖੇਡਾਂ ਅਤੇ ਸਰੀਰਕ ਤੰਦਰੁਸਤੀ ਵਲ ਧਿਆਨ ਨਹੀਂ ਦੇ ਪਾਉਂਦੇ। ਉਨ੍ਹਾਂ ਨੇ ਕਿਹਾ ਕਿ ਜੀ.ਐਚ.ਜੀ. ਅਕੈਡਮੀ ਵਿਚ ਖੇਡਾਂ ਨੂੰ ਖਾਸ ਮਹੱਤਵ ਦਿੱਤਾ ਜਾਂਦਾ ਹੈ ਅਤੇ ਸਮੇਂ-ਸਮੇਂ ਤੇ ਬੱਚਿਆਂ ਦੇ ਵੱਖ-ਵੱਖ ਖੇਡ ਮੁਕਾਬਲੇ ਕਰਵਾਏ ਜਾਂਦੇ ਰਹੇ ਹਨ ਅਤੇ ਭਵਿੱਖ ਵਿਚ ਵੀ ਇਸੇ ਤਰਾਂ ਬੱਚਿਆਂ ਲਈ ਖੇਡਾ ਦਾ ਖਾਸ ਆਯੋਜਨ ਕੀਤਾ ਜਾਂਦਾ ਰਹੇਗਾ।