ਮੋਗਾ, 14 ਮਈ ( ਅਸ਼ਵਨੀ ) -ਰਬਾਬ ਤੋਂ ਸ਼ੁਰੂ ਹੋ ਕੇ ਰਣਜੀਤ ਨਗਾੜੇ ਤੱਕ ਦੇ ਇਤਿਹਾਸ ਵਿੱਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੀ ਘਾਲਣਾ ਬਹੁਤ ਵੱਡਾ ਮੀਲ ਪੱਥਰ ਹੈ। ਇਸ ਨਾਲ ਸਭ ਨੂੰ ਜੁੜੇ ਰਹਿਣ ਦੀ ਲੋੜ੍ਹ ਹੈ। ਜੱਸਾ ਸਿੰਘ ਜੀ ਨੂੰ ਸਿੱਖੀ ਸਿਦਕ, ਦੇਸ਼ ਭਗਤੀ, ਨਿਰਭੈਅਤਾ, ਸੂਰਬੀਰਤਾ ਅਤੇ ਕੁਰਬਾਨੀ ਵਿਰਸੇ ਵਿੱਚ ਮਿਲਣ ਕਾਰਣ ਉਹਨਾਂ ਨੇ ਅਠਾਰਵੀਂ ਸਦੀ ਵਿੱਚ ਵਿਦੇਸ਼ੀ ਹਮਲਾਵਰਾਂ ਨਾਲ ਲੋਹੇ ਨਾਲ ਲੋਹਾ ਲਿਆ ਅਤੇ ਆਪਣੀ ਬੀਰਤਾ, ਦਲੇਰੀ ਨਾਲ ਭਾਰਤ ਦੀ ਮਰਿਯਾਦਾ ਬਚਾਉਣ ਦੇ ਨਾਲ ਨਾਲ ਪੰਜਾਬ ਵਿੱਚ ਆਪਣਾ ਰਾਜ ਸਥਾਪਿਤ ਕੀਤਾ। ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ ਨਾਮ ਸਿੱਖ ਇਤਿਹਾਸ ਵਿੱਚ ਹਮੇਸ਼ਾ ਚਮਕਦਾ ਰਹੇਗਾ।
ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮੋਗਾ ਦੇ ਵਿਸ਼ਵਕਰਮਾ ਭਵਨ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੀ ਮਨਾਈ ਜਾ ਰਹੀ ਤੀਜੀ ਜਨਮ ਸ਼ਤਾਬਦੀ ਮੌਕੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਸ ਮੌਕੇ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਧਰਮਕੋਟ ਦਵਿੰਦਰਜੀਤ ਸਿੰਘ ਲਾਡੀ ਢੋਂਸ, ਵਿਧਾਇਕ ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਬਿਲਾਸਪੁਰ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਹਰਮਨਜੀਤ ਸਿੰਘ ਬਰਾੜ ਤੋਂ ਇਲਾਵਾ ਹੋਰ ਵੀ ਉਘੀਆਂ ਸਿੱਖ ਸ਼ਖਸ਼ੀਅਤਾਂ ਹਾਜ਼ਰ ਸਨ। ਪ੍ਰਬੰਧਕਾਂ ਵੱਲੋਂ ਸਪੀਕਰ ਅਤੇ ਹਾਜ਼ਰ ਹੋਏ ਵਿਧਾਇਕਾਂ ਦਾ ਵਿਸ਼ੇਸ਼ ਚਿੰਨ ਦੇ ਕੇ ਸਨਮਾਨ ਵੀ ਕੀਤਾ।
ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੀ ਤੀਸਰੀ ਜਨਮ ਸ਼ਤਾਬਦੀ ਦੀ ਸਮੂਹ ਸਿੱਖ ਕੌਮ ਅਤੇ ਹਾਜ਼ਰੀਨ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਜਿੰਨਾਂ ਕੌਮਾਂ ਨੂੰ ਆਪਣੇ ਇਤਿਹਾਸ ਅਤੇ ਵਿਕਾਸ ਦਾ ਗਿਆਨ ਹੁੰਦਾ ਹੈ, ਉਹ ਕਿਸੇ ਦੇ ਮਾਰੇ ਨਹੀਂ ਮਰਦੀਆਂ। ਉਨਾਂ ਕਿਹਾ ਕਿ ਸਿੱਖ ਇਤਿਹਾਸ ਵਿੱਚ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਕੀਮਤੀ ਸਹਿਯੋਗ ਨੂੰ ਭੁਲਾਇਆ ਨਹੀਂ ਜਾ ਸਕਦਾ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਹੁਣ ਤੱਕ ਦੇ ਥੋੜੇ ਕਾਰਜਕਾਲ ਉੱਪਰ ਆਮ ਲੋਕਾਂ ਨੇ ਭਰੋਸੇ ਦੀ ਮੋਹਰ ਲਗਾਈ ਹੈ, ਜਿਸ ਦਾ ਸਬੂਤ ਜਲੰਧਰ ਵਿੱਚ ਹੋਈਆਂ ਲੋਕ ਸਭਾ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਸਪੱਸ਼ਟ ਪਤਾ ਲੱਗਦਾ ਹੈ। ਉਨਾਂ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਵੱਖਰੀ ਸੱਚਾਈ ਵਾਲੀ ਰਾਜਨੀਤੀ ਉਪਰ ਮੋਹਰ ਲਗਾਈ ਹੈ ਅਤੇ ਪਾਰਟੀ ਉੱਪਰ ਲੋਕਾਂ ਦਾ ਭਰੋਸਾ ਪਹਿਲਾਂ ਨਾਲੋਂ ਵੀ ਵਧ ਗਿਆ ਹੈ। ਉਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਨਾਲ ਸੂਬੇ ਦਾ ਹਰ ਇੱਕ ਵਰਗ ਸੌਖੀ ਜਿੰਦਗੀ ਬਤੀਤ ਕਰ ਰਿਹਾ ਹੈ। ਪੰਜਾਬ ਸਰਕਾਰ ਲੋਕਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਹਮੇਸ਼ਾ ਯਤਨਸ਼ੀਲ ਰਹੇਗੀ।