Home crime ਭੂਆ ਦੇ ਪੁੱਤ ਨੇ ਕੀਤਾ ਮਾਮੇ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ

ਭੂਆ ਦੇ ਪੁੱਤ ਨੇ ਕੀਤਾ ਮਾਮੇ ਦੇ ਪੁੱਤ ਦਾ ਬੇਰਹਿਮੀ ਨਾਲ ਕਤਲ

112
0


ਜੋਧਾਂ, 24 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ )-ਇੰਗਲੈਂਡ ਤੋਂ 2 ਦਿਨ ਪਹਿਲਾਂ ਆਏ ਭੂਆ ਦੇ ਲੜਕੇ ਨੇ ਆਪਣੇ ਮਾਮੇ ਦੇ ਲੜਕੇ ਦਾ ਬੇਰਹਿਮੀ ਨਾਲ ਕਤਲ ਕਰ ਕੇ ਲਾਸ਼ ਨਹਿਰ ਵਿੱਚ ਸੁੱਟ ਦਿੱਤੀ। ਜਿਸ ਨੂੰ ਪੁਲਿਸ ਨੇ ਬਰਾਮਦ ਕਰ ਲਿਆ ਹੈ। ਮੁਲਜ਼ਮ ਖ਼ਿਲਾਫ਼ ਥਾਣਾ ਜੋਧਾਂ ਵਿੱਚ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਥਾਣਾ ਇੰਚਾਰਜ ਇੰਸਪੈਕਟਰ ਸਿਕੰਦਰ ਸਿੰਘ ਨੇ ਦੱਸਿਆ ਕਿ ਇਕਬਾਲ ਸਿੰਘ ਉਮਰ 35 ਸਾਲ ਵਾਸੀ ਜੋਧਾਂ ਪਿਛਲੇ ਮਹੀਨੇ ਹੀ ਇੰਗਲੈਂਡ ਗਿਆ ਸੀ ਅਤੇ 2 ਦਿਨ ਪਹਿਲਾਂ ਹੀ ਉਥੋਂ ਵਾਪਸ ਆਇਆ ਸੀ। ਉਹ ਮੰਗਲਵਾਰ ਨੂੰ ਪਿੰਡ ਚੌਕੀਮਾਨ ਵਿਖੇ ਆਪਣੇ ਮਾਮੇ ਨੂੰ ਮਿਲਣ ਆਇਆ ਸੀ ਅਤੇ ਉਥੋਂ ਆਪਣੇ ਮਾਮਾ ਦੇ ਲੜਕੇ ਅਮਨਦੀਪ ਸਿੰਘ (35 ਸਾਲ) ਨੂੰ ਆਪਣੇ ਨਾਲ ਲੈ ਗਿਆ ਸੀ। ਰਸਤੇ ਵਿੱਚ ਰਾਤ ਸਮੇਂ ਬੱਲੋਵਾਲ ਨੇੜੇ ਨਹਿਰ ਦੇ ਪੁਲ ’ਤੇ ਉਸ ਨੇ ਅਮਨਦੀਪ ਸਿੰਘ ਦੇ ਸਿਰ ’ਤੇ ਤੇਜ਼ਧਾਰ ਦਾਹ ਨਾਲ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਅਤੇ ਉਸ ਦਾ ਕਤਲ ਕਰਨ ਮਗਰੋਂ ਲਾਸ਼ ਨੂੰ ਨਹਿਰ ਵਿੱਚ ਸੁੱਟ ਕੇ ਜੋਧਾਂ ਵਿੱਚ ਆਪਣੇ ਘਰ ਚਲਾ ਗਿਆ। ਜਦੋਂ ਸਵੇਰੇ ਅਮਨਦੀਪ ਵਾਪਸ ਨਾ ਆਇਆ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੁੱਛਗਿੱਛ ਸ਼ੁਰੂ ਕੀਤੀ ਤਾਂ ਇਕਬਾਲ ਸਿੰਘ ਟਾਲ-ਮਟੋਲ ਕਰਨ ਲੱਗਾ ਅਤੇ ਕਹਿਣ ਲੱਗਾ ਕਿ ਉਹ ਇੱਥੋਂ ਚਲਾ ਗਿਆ ਹੈ। ਇਸ ਸਬੰਧੀ ਅਮਨਦੀਪ ਦੇ ਪਰਿਵਾਰ ਵਾਲਿਆਂ ਨੇ ਪੁਲੀਸ ਚੌਕੀ ਚੌਕੀਮਾਨ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ। ਬੁੱਧਵਾਰ ਦੁਪਹਿਰ ਥਾਣਾ ਜੋਧਾਂ ਅਧੀਨ ਪੈਂਦੇ ਪਿੰਡ ਨਹਿਰ ਪੁਲ ਬੱਲੋਵਾਲ ਵਿਖੇ ਲਾਸ਼ ਮਿਲਣ ਦੀ ਸੂਚਨਾ ਮਿਲੀ। ਪੁਲਸ ਪਾਰਟੀ ਨੇ ਲਾਸ਼ ਨੂੰ ਬਾਹਰ ਕੱਢ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਲਾਸ਼ ਅਮਨਦੀਪ ਸਿੰਘ ਦੀ ਹੈ। ਚੌਕੀਮਾਨ ਵਾਸੀ ਅਮਨਦੀਪ ਸਿੰਘ ਦੇ ਪਰਿਵਾਰ ਨਾਲ ਸੰਪਰਕ ਕਰਨ ’ਤੇ ਪੁਲੀਸ ਨੇ ਲਾਸ਼ ਦੀ ਪਛਾਣ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਕਤਲ ਇਕਬਾਲ ਸਿੰਘ ਵੱਲੋਂ ਹੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਵੀ ਪਤਾ ਲੱਗਾ ਹੈ ਕਿ ਮੰਗਲਵਾਰ ਰਾਤ ਅਮਨਦੀਪ ਸਿੰਘ, ਉਸ ਦੇ ਚਾਚੇ ਦਾ ਲੜਕਾ ਅਤੇ ਇਕਬਾਲ ਸਿੰਘ ਇੱਕ ਹੋਰ ਸਾਥੀ ਨਾਲ ਮੋਟਰ ਤੇ ਇਕੱਠੇ ਸਨ। ਇਕਬਾਲ ਸਿੰਘ ਰਾਤ ਸਮੇਂ ਮ੍ਰਿਤਕ ਦੇ ਚਾਚੇ ਦੇ ਲੜਕੇ ਅਤੇ ਉਸ ਦੇ ਹੋਰ ਸਾਥੀ ਨੂੰ ਘਰ ਵਿਚ ਛੱਡਣ ਤੋਂ ਬਾਅਦ ਅਮਨਦੀਪ ਸਿੰਘ ਨੂੰ ਆਪਣੇ ਨਾਲ ਲੈ ਕੇ ਆਇਆ ਸੀ ਅਤੇ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਪਹਿਲਾਂ ਤੋਂ ਹੀ ਬਣਾ ਰੱਖੀ ਸੀ ਕਿਉਂਕਿ ਉਹ ਮੁੱਲਾਪੁਰ ਤੋਂ ਚੌਕੀਮਾਨ ਨੂੰ ਜਾਂਦੇ ਸਮੇਂ ਮੁੱਲਾਪੁਰ ਦੇ ਇਕ ਦਾਹ ਖਰੀਦਿਆ ਸੀ। ਜਿਸ ਨਾਲ ਉਸ ਨੇ ਅਮਨਦੀਪ ਸਿੰਘ ਦਾ ਕਤਲ ਕਰ ਦਿੱਤਾ। ਇੰਸਪੈਕਟਰ ਸਿਕੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here