ਇੱਕ ਹੋਰ ਸੁਨਿਆਰੇ ਨੂੰ ਨਿਸ਼ਾਨਾ ਬਣਾਉਣ ਲਈ ਮੁੜ ਆਏ ਸਨ ਬਜ਼ਾਰ ’ਚ
ਜਗਰਾਓ, 25 ਮਈ ( ਰਾਜੇਸ਼ ਜੈਨ, ਭਗਵਾਨ ਭੰਗੂ )-ਚੋਰਾਂ ਅਤੇ ਲੁਟੇਰਿਆਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ ਕਿ ਹੁਣ ਪੁਲਿਸ ਦਾ ਡਰ ਉਨ੍ਹਾਂ ਨੂੰ ਨਹੀਂ ਰਿਹਾ। ਜਿਸ ਦੀ ਮਿਸਾਲ ਅੱਜ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ 18 ਮਈ ਨੂੰ ਜਗਰਾਉਂ ਵਿਖੇ ਸਵਰਨਕਾਰ ਸੰਘ ਦੇ ਸਾਬਕਾ ਪ੍ਰਧਾਨ ਕਰਮਜੀਤ ਸਿੰਘ ਦੀ ਦੁਕਾਨ ’ਤੇ ਸੋਨੇ ਦੀ ਚੇਨ ਲੈ ਕੇ ਧੋਖੇ ਨਾਲ ਆਪਣੇ ਲੜਕੇ ਸਮੇਤ ਮੋਟਰਸਾਈਕਲ ’ਤੇ ਭੱਜਣ ਵਾਲੀ ਔਰਤ ਨੇ ਜਗਰਾਉਂ ਵਿਖੇ ਫਿਰ ਕਿਸੇ ਹੋਰ ਸੁਨਿਆਰ ਨੂੰ ਉਸੇ ਤਰ੍ਹਾਂ ਠੱਗੀ ਮਾਰਨ ਦੀ ਨੀਅਤ ਨਾਲ ਸੁਨਿਆਰੇ ਦੀ ਦੁਕਾਨ ’ਤੇ ਪਹੁੰਚ ਗਏ। ਜਿਨ੍ਹਾਂ ਦੀ ਪਹਿਚਾਣ ਦੁਕਾਨਦਾਰ ਵੱਲੋਂ ਕੀਤੀ ਗਈ ਅਤੇ ਸਾਬਕਾ ਪ੍ਰਧਾਨ ਕਰਮਜੀਤ ਸਿੰਘ ਨੂੰ ਫ਼ੋਨ ’ਤੇ ਇਸ ਸਬੰਧੀ ਸੂਚਿਤ ਕੀਤਾ ਗਿਆ ਤਾਂ ਐਸੋਸੀਏਸ਼ਨ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਉਕਤ ਔਰਤ ਅਤੇ ਉਸ ਦੇ ਲੜਕੇ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਜਾਣਕਾਰੀ ਅਨੁਸਾਰ ਮੋਗਾ ਜ਼ਿਲੇ ਦੇ ਪਿੰਡ ਮੀਣੀਆਂ ਦੀ ਰਹਿਣ ਵਾਲੀ ਉਕਤ ਔਰਤ ਆਪਣੇ ਲੜਕੇ ਨਾਲ ਫਿਲੀਗੇਟ ਨੇੜੇ ਇਕ ਹੋਰ ਸੁਨਿਆਰੇ ਦੀ ਦੁਕਾਨ ’ਤੇ ਗਈ ਅਤੇ ਉਥੇ ਵੀ ਉਸੇ ਤਰ੍ਹਾਂ ਹੀ ਗਹਿਣੇ ਦੇਖਣ ਦਾ ਡਰਾਮਾ ਕਰਨ ਲੱਗੀ। ਪਿਛਲੀ ਘਟਨਾ ਦੌਰਾਨ ਉਕਤ ਔਰਤ ਅਤੇ ਉਸ ਦੇ ਲੜਕੇ ਦੀ ਵੀਡੀਓ ਅਤੇ ਫੋਟੋ ਵਾਇਰਲ ਹੋਣ ਕਾਰਨ ਦੁਕਾਨਦਾਰ ਨੇ ਦੋਵਾਂ ਨੂੰ ਪਛਾਣ ਲਿਆ ਅਤੇ 18 ਮਈ ਨੂੰ ਨਲਕਿਆਂ ਵਾਲਾ ਚੌਕ ਨੇੜੇ ਮਿਸ਼ਰਾ ਪੁਰਾ ਬਾਜ਼ਾਰ ’ਚ ਸਥਿਤ ਗੁਰੂ ਨਾਨਕ ਜਿਊਲਰਜ਼ ਦੀ ਦੁਕਾਨ ਦੇ ਮਾਲਕ ਕਰਮਜੀਤ ਸਿੰਘ ਨੂੰ ਫੋਨ ’ਤੇ ਸੂਚਿਤ ਕੀਤਾ ਗਿਆ। ਜਿਸ ’ਤੇ ਉਹ ਉਥੇ ਇਕੱਠੇ ਹੋ ਗਏ ਅਤੇ ਉਥੇ ਪਹੁੰਚ ਕੇ ਔਰਤ ਅਤੇ ਉਸ ਦੇ ਲੜਕੇ ਨੂੰ ਮਿਸ਼ਰਾ ਪੁਰਾ ਬਾਜ਼ਾਰ ’ਚ ਆਪਣੀ ਦੁਕਾਨ ’ਤੇ ਲੈ ਗਏ। ਉਥੇ ਉਸ ਤੋਂ ਪੁੱਛਗਿੱਛ ਕਰਕੇ ਥਾਣਾ ਸਿਟੀ ਦੀ ਪੁਲਸ ਨੂੰ ਸੂਚਨਾ ਦਿੱਤੀ। ਏਐਸਆਈ ਤਰਸੇਮ ਸਿੰਘ ਨੇ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਮਹਿਲਾ ਅਤੇ ਉਸ ਦੇ ਲੜਕੇ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਲਿਆ। ਏਐਸਆਈ ਤਰਸੇਮ ਸਿੰਘ ਨੇ ਦੱਸਿਆ ਕਿ 18 ਮਈ ਨੂੰ ਜਗਰਾਉਂ ਵਿੱਚ ਹੋਈ ਲੁੱਟ ਦੀ ਘਟਨਾ ਤੋਂ ਇਲਾਵਾ ਇਨ੍ਹਾਂ ਨੇ ਹੋਰ ਕਿੱਥੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਅਤੇ ਉਹ ਕਦੋਂ ਤੋਂ ਇਸ ਧੰਦੇ ਵਿੱਚ ਸਰਗਰਮ ਹਨ, ਇਨ੍ਹਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ 8 ਮਈ ਨੂੰ ਜਦੋਂ ਮਾਂ-ਪੁੱਤ ਦੋਵੇਂ ਜਗਰਾਓਂ ਸਥਿਤ ਸਵਰਨਕਾਰ ਸੰਘ ਦੇ ਸਾਬਕਾ ਪ੍ਰਧਾਨ ਕਰਮਜੀਤ ਸਿੰਘ ਦੀ ਦੁਕਾਨ ’ਤੇ ਆਏ ਸਨ ਤਾਂ ਔਰਤ ਦੇ ਹੱਥ ’ਚ ਵੱਡਾ ਪਰਸ ਅਤੇ ਇਕ ਲਿਫਾਫਾ ਸੀ। ਉਸ ਦਾ ਲੜਕਾ ਬਾਹਰ ਮੋਟਰਸਾਈਕਲ ’ਤੇ ਖੜ੍ਹਾ ਸੀ। ਔਰਤ ਸੋਨੇ ਦੇ ਗਹਿਣੇ ਦੇਖਦੀ ਰਹੀ ਅਤੇ ਉਸ ਨੂੰ ਸੋਨੇ ਦੀ ਚੇਨ ਪਸੰਦ ਆਈ ਅਤੇ ਬਾਹਰ ਖੜ੍ਹੇ ਆਪਣੇ ਲੜਕੇ ਨੂੰ ਦਿਖਾਉਣ ਲਈ ਕਿਹਾ। ਔਰਤ ਦਾ ਪਰਸ ਅਤੇ ਲਿਫਾਫਾ ਮੇਜ਼ ’ਤੇ ਪਿਆ ਸੀ, ਜਿਸ ਕਾਰਨ ਦੁਕਾਨ ਮਾਲਕ ਨੇ ਇਹ ਸੋਚ ਕੇ ਉਸ ਨੂੰ ਬਾਹਰ ਜਾਣ ਦਿੱਤਾ ਕਿ ਉਸ ਦਾ ਸਾਮਾਨ ਦੁਕਾਨ ਦੇ ਅੰਦਰ ਹੀ ਪਿਆ ਹੈ। ਜਿਵੇਂ ਹੀ ਔਰਤ ਸੋਨੇ ਦੀ ਚੇਨ ਲੈ ਕੇ ਬਾਹਰ ਮੋਟਰਸਾਇਕਿਲ ਤੇ ਖੜੇ ਲੜਕੇ ਕੋਲ ਬਾਹਰ ਗਈ ਤਾਂ ਉਹ ਮੋਟਰਸਾਈਕਲ ’ਤੇ ਬੈਠ ਕੇ ਦੋਵੇਂ ਸੋਨੇ ਦੀਆਂ ਚੇਨੀ ਲੈ ਕੇ ਫਰਾਰ ਹੋ ਗਏ ਸਨ। ਦੁਕਾਨ ਦੇ ਅੰਦਰ ਪਿਆ ਔਰਤ ਦਾ ਵੱਡਾ ਪਰਸ ਖੋਲ੍ਹਣ ’ਤੇ ਉਹ ਖਾਲੀ ਨਿਕਲਿਆ ਅਤੇ ਭਰੇ ਲਿਫਾਫੇ ’ਚ ਕੱਪੜਿਆਂ ਦੇ ਕੱਟੇ ਹੋਏ ਮਿਲੇ ਸਨ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਜੋ ਡੇਲੀ ਜਗਰਾਓਂ ਨਿਊਜ਼ ਤੇ ਵਾਇਰਲ ਹੋ ਗਈ ਸੀ।