ਜਗਰਾੳ, 28 ਮਈ ( ਬੌਬੀ ਸਗਿਜਲ, ਧਰਮਿੰਦਰ )-ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਾਤ ਅਧੀਨ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ 105 ਨਸ਼ੀਲੀਆਂ ਗੋਲੀਆਂ ਅਤੇ 43 ਬੋਤਲਾਂ ਨਜਾਇਜ਼ ਸ਼ਰਾਬ ਸਮੇਤ 4 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਥਾਣਾ ਸਿਟੀ ਜਗਰਾਓਂ ਦੇ ਏ.ਐਸ.ਆਈ ਹਰਦੇਵ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਰਾਣੀ ਚੌਂਕ ਕੋਲ ਮੌਜੂਦ ਸਨ ਤਾਂ ਸੂਚਨਾ ਮਿਲੀ ਕਿ ਮੁਹੱਲਾ ਮਾਈ ਦੇ ਗੁਰਦੁਆਰਾ ਅਗਵਾੜ ਖਵਾਜਾ ਬਾਜੂ ਨੇੜੇ ਅਮਨਦੀਪ ਸਿੰਘ ਉਰਫ਼ ਸੋਨੂੰ ਅਤੇ ਨੀਰਜ ਕੁਮਾਰ ਉਰਫ਼ ਨਵੀ ਵਾਸੀ ਨੀਰਜ ਕੁਮਾਰ ਉਰਫ਼ ਨਵੀ ਵਾਸੀ ਮਹਾਵੀਰ ਚੌਕ ਮੁਹੱਲਾ ਲੂੰਬਿਆਂ ਵਾਲਾ ਜਗਰਾਉਂ ਪਾਬੰਦੀਸ਼ੁਦਾ ਗੋਲੀਆਂ ਵੇਚਣ ਦਾ ਧੰਦਾ ਕਰਦੇ ਹਨ। ਜੋ ਕਿ ਆਪਣੇ ਮੋਟਰਸਾਈਕਲ ’ਤੇ ਨਸ਼ੀਲੇ ਪਦਾਰਥ ਲੈ ਕੇ ਨਲਕਿਆਂ ਵਾਲਾ ਚੌਂਕ ਤੋਂ ਪੰਜ ਨੰਬਰ ਚੁੰਗੀ ਵੱਲ ਆ ਰਹੇ ਹਨ। ਇਸ ਸੂਚਨਾ ’ਤੇ ਚੁੰਗੀ ਨੰਬਰ ਪੰਜ ’ਤੇ ਨਾਕਾਬੰਦੀ ਕਰਕੇ ਅਮਨਦੀਪ ਸਿੰਘ ਉਰਫ਼ ਸੋਨੂੰ ਅਤੇ ਨੀਰਜ ਸ਼ਰਮਾ ਉਰਫ਼ ਨਵੀ ਨੂੰ 105 ਨਸ਼ੀਲੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਕਾਬੂ ਕੀਤਾ ਗਿਆ। ਏ.ਐਸ.ਆਈ ਗੁਰਚਰਨ ਸਿੰਘ ਨੇ ਸੂਚਨਾ ਦੇ ਆਧਾਰ ਤੇ ਲੰਡੇ ਫਾਟਕ ਨੇੜੇ ਗੁਰਦੁਆਰਾ ਧਾਲੀਵਾਲ ਕਲੋਨੀ ਦੇ ਰਹਿਣ ਵਾਲੇ ਸ਼ਿਵ ਉਰਫ਼ ਸਤਨਾਮ ਸਿੰਘ ਨੂੰ 18 ਬੋਤਲਾਂ ਸ਼ਰਾਬ ਮਾਰਕਾ 999 ਚੰਡੀਗੜ੍ਹ ਸਮੇਤ ਕਾਬੂ ਕੀਤਾ ਹੈ। ਥਾਣਾ ਸਿੱਧਵਾਂਬੇਟ ਦੇ ਏ.ਐਸ.ਆਈ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਪਿੰਡ ਕਾਕੜ ਤਿਹਾੜਾ ਤੋਂ ਪਿੰਡ ਸ਼ੇਰੇਵਾਲ ਵੱਲ ਜਾ ਰਹੇ ਸਨ। ਇੱਕ ਵਿਅਕਤੀ ਸਿਰ ’ਤੇ ਪਲਾਸਟਿਕ ਦਾ ਭਾਰੀ ਗੱਟੂ ਲੈ ਕੇ ਸ਼ੇਰੇਵਾਲ ਵੱਲੋਂ ਆ ਰਿਹਾ ਸੀ। ਜੋ ਪੁਲਸ ਪਾਰਟੀ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਤਾਂ ਉਸਦਾ ਗੱਟੂ ਜ਼ਮੀਨ ’ਤੇ ਡਿੱਗ ਪਿਆ। ਉਸ ਦੀ ਸ਼ੱਕ ਦੇ ਆਧਾਰ ’ਤੇ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ 25 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਵਿਅਕਤੀ ਦੀ ਪਛਾਣ ਸੁਰਜੀਤ ਸਿੰਘ ਵਾਸੀ ਪਿੰਡ ਸ਼ੇਰੇਵਾਲ ਵਜੋਂ ਹੋਈ ਹੈ। ਉਸ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਸਿੱਧਵਾਂਬੇਟ ਵਿੱਚ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।