Home crime *ਆਬਕਾਰੀ ਵਿਭਾਗ ਵੱਲੋਂ ਵਿਆਪਕ ਤਲਾਸ਼ੀ ਮੁਹਿੰਮ ਦੌਰਾਨ 17000 ਕਿਲੋ ਲਾਹਣ, 320 ਲੀਟਰ...

*ਆਬਕਾਰੀ ਵਿਭਾਗ ਵੱਲੋਂ ਵਿਆਪਕ ਤਲਾਸ਼ੀ ਮੁਹਿੰਮ ਦੌਰਾਨ 17000 ਕਿਲੋ ਲਾਹਣ, 320 ਲੀਟਰ ਨਾਜਾਇਜ਼ ਸ਼ਰਾਬ

50
0


ਚੰਡੀਗੜ੍ਹ, (ਅਸਵਨੀ-ਜਗਰੂਪ ਸੋਹੀ) ਪੰਜਾਬ ਦੇ ਆਬਕਾਰੀ ਵਿਭਾਗ ਵੱਲੋਂ ਪਿਛਲੇ ਦੋ ਦਿਨਾਂ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਦੇ ਦਸੂਹਾ ਇਲਾਕੇ ‘ਚ ਨਜਾਇਜ਼ ਸ਼ਰਾਬ ਵਿਰੁੱਧ ਵਿੱਢੀ ਗਈ ਵਿਆਪਕ ਤਲਾਸ਼ੀ ਮੁਹਿੰਮ ਦੌਰਾਨ 17000 ਕਿਲੋ ਲਾਹਣ, 320 ਲੀਟਰ ਨਾਜਾਇਜ਼ ਸ਼ਰਾਬ, 1 ਕਿਸ਼ਤੀ, 4 ਲੋਹੇ ਦੇ ਡਰੰਮ, 25-25 ਲੀਟਰ ਦੇ 8 ਪਲਾਸਟਿਕ ਦੇ ਕੈਨ ਅਤੇ 4 ਪਤੀਲੇ ਬਰਾਮਦ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਆਬਕਾਰੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਕਰ ਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਮੁੱਖ ਦਫਤਰ ਤੋਂ ਆਬਕਾਰੀ ਵਿਭਾਗ ਦੀਆਂ ਟੀਮਾਂ, ਹੁਸ਼ਿਆਰਪੁਰ ਰੇਂਜ ਦੇ ਆਬਕਾਰੀ ਅਧਿਕਾਰੀ ਅਤੇ ਆਬਕਾਰੀ ਪੁਲਿਸ ਮੁਲਾਜ਼ਮਾਂ ਨੂੰ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਬਿਆਸ ਦਰਿਆ ਦੇ ਕੰਢੇ ਸਥਿਤ ਇਲਾਕੇ ਵਿੱਚ ਨਾਜਾਇਜ਼ ਸ਼ਰਾਬ ਦੀ ਤਲਾਸ਼ੀ ਲਈ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਸ ਤਲਾਸ਼ੀ ਮੁਹਿੰਮ ਦੌਰਾਨ ਡਾਗ ਸਕੁਐਡ, ਜੋ ਖਾਸ ਤੌਰ ‘ਤੇ ਲਹਾਨ ਦਾ ਪਤਾ ਲਗਾਉਣ ਲਈ ਸਿਖਲਾਈ ਪ੍ਰਾਪਤ ਹਨ, ਦੀਆਂ ਵੀ ਵਰਤੋ ਕੀਤੀ ਗਈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਤਲਾਸ਼ੀ ਮੁਹਿੰਮ ਵਿੱਤ ਕਮਿਸ਼ਨਰ ਕਰ ਸ੍ਰੀ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਸ੍ਰੀ ਵਰੁਣ ਰੂਜਮ ਦੀ ਸਿੱਧੀ ਨਿਗਰਾਨੀ ਹੇਠ ਚਲਾਇਆ ਗਿਆ। ਬੁਲਾਰੇ ਨੇ ਦੱਸਿਆ ਕਿ ਇਸ ਤਲਾਸ਼ੀ ਮੁਹਿੰਮ ਦੌਰਾਨ ਦਸੂਹਾ ਦੇ ਟੇਰਕਿਆਣਾ, ਕਥਾਣਾ, ਬਡਾਈਆਂ, ਧਨੋਆ, ਸੈਦਪੁਰ ਅਤੇ ਭੀਖੋਵਾਲ ਪਿੰਡਾਂ ਦੇ ਪੂਰੇ ਖੇਤਰ ਦਾ ਮੁਕੰਮਲ ਨਕਸ਼ਾ ਤਿਆਰ ਕਰਕੇ ਕਰੀਬ 7 ਕਿਲੋਮੀਟਰ ਖੇਤਰ ਦੀ ਪੈਦਲ ਅਤੇ ਕਿਸ਼ਤੀਆਂ ਦੀ ਵਰਤੋਂ ਨਾਲ ਤਲਾਸ਼ੀ ਕੀਤੀ ਗਈ। ਬੁਲਾਰੇ ਨੇ ਅੱਗੇ ਦੱਸਿਆ ਕਿ ਤਲਾਸ਼ੀ ਦੌਰਾਨ ਪਤਾ ਲੱਗਾ ਕਿ ਸ਼ਰਾਬ ਤਸਕਰਾਂ ਵੱਲੋਂ ਡੂੰਘੇ ਟੋਏ ਪੁੱਟ ਕੇ ਲਾਹਣ ਦੀ ਗੈਰ-ਕਾਨੂੰਨੀ ਨਿਕਾਸੀ ਕਰਨ ਲਈ ਅਜਿਹਾ ਲੁਕਿਆ ਢੰਗ ਅਪਣਾਈਆ ਜਾ ਰਿਹਾ ਸੀ ਜਿਸਦਾ ਪਤਾ ਲਗਾਉਣਾ ਆਸਾਨ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਦੌਰਾਨ ਡੌਗ ਸਕੁਐਡ ਦੇ ਤਿੰਨ ਕੁੱਤਿਆਂ ਜਿਨ੍ਹਾਂ ਵਿੱਚ ਇੱਕ ਲੈਬਰਾਡੋਰ ਅਤੇ ਦੋ ਬੈਲਜੀਅਨ ਮੈਲੀਨੋਇਸ ਸਨ, ਨੇ ਇਨਾਂ ਭੱਠੀਆਂ ਨੂੰ ਸੁੰਘ ਕੇ ਲੱਭਣ ਦੌਰਾਨ ਅਸਾਧਾਰਣ ਸਿਖਲਾਈ ਦੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਰ ਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਨਾਜਾਇਜ਼ ਸ਼ਰਾਬ ਨੂੰ ਠੱਲ੍ਹ ਪਾਉਣ ਲਈ ਵਿਆਪਕ ਪੱਧਰ ‘ਤੇ ਖੇਤਰੀ ਪੱਧਰ ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਨੇ ਆਬਕਾਰੀ ਨਾਲ ਸਬੰਧਤ ਅਪਰਾਧਾਂ ਸਬੰਧੀ ਸ਼ਿਕਾਇਤਾਂ ਪ੍ਰਾਪਤ ਕਰਨ ਲਈ ਹੈਲਪਲਾਈਨ ਨੰਬਰ 9875961126 ਵੀ ਸ਼ੁਰੂ ਕੀਤਾ ਹੈ। ਉਨ੍ਹਾਂ ਤਾੜਨਾ ਕੀਤੀ ਕਿ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here