ਪਾਤੜਾਂ (ਭਗਵਾਨ ਭੰਗੂ-ਲਿਕੇਸ ਸ਼ਰਮਾ ) ਕੁਝ ਦਿਨ ਪਹਿਲਾਂ ਰੇਟ ਨੂੰ ਲੈ ਕੇ ਸ਼ਹਿਰ ਦੇ ਨਰਵਾਣਾ ਰੋਡ ‘ਤੇ ਕਾਰਾਂ ਦੇ ਨਵੇਂ ਅਤੇ ਪੁਰਾਣੇ ਸਪੇਅਰ ਪਾਰਟਸ ਵੇਚਣ ਵਾਲੇ ਦੁਕਾਨਦਾਰ ‘ਤੇ ਫਾਇਰਿੰਗ ਕਰਨ ਵਾਲੇ ਇਕ ਵਿਅਕਤੀ ਨੂੰ ਪਾਤੜਾਂ ਪੁਲਿਸ ਨੇ ਪਿਸਤੌਲ ਅਤੇ ਕਾਰ ਸਣੇ ਕਾਬੂ ਕਰ ਲਿਆ ਹੈ। ਪੁਲਿਸ ਨੇ ਕਾਬੂ ਕੀਤੇ ਗਏ ਵਿਅਕਤੀ ਨੂੰ ਅਦਾਲਤ ‘ਚ ਪੇਸ਼ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ, ਜਦਕਿ ਫ਼ਰਾਰ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆਂ ਡੀਐੱਸਪੀ ਪਾਤੜਾਂ ਗੁਰਦੀਪ ਸਿੰਘ ਦਿਓਲ ਨੇ ਦੱਸਿਆ ਕਿ 5 ਜੂਨ ਨੂੰ ਬਾਅਦ ਦੁਪਹਿਰ 2 ਵਿਅਕਤੀਆਂ ਨੇ ਨਰਵਾਣਾ ਰੋਡ ‘ਤੇ ਕਾਰ ਸਪੇਅਰ ਪਾਰਟਸ ਦੀ ਦੁਕਾਨ ‘ਤੇ ਆ ਕੇ ਸਾਮਾਨ ਦੀ ਮੰਗ ਕੀਤੀ ਸੀ ਪਰ ਦੋਹਾਂ ਧਿਰਾਂ ਵਿਚਕਾਰ ਭਾਅ ਨੂੰ ਲੈ ਕੇ ਹੋਈ ਬਹਿਸਬਾਜ਼ੀ ਮਗਰੋਂ ਤੈਸ਼ ‘ਚ ਆ ਕੇ ਇਕ ਵਿਅਕਤੀ ਨੇ ਦੁਕਾਨ ਦੇ ਮਾਲਕ ਨਵੀਸੇਕ ਬਾਂਸਲ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਗੋਲ਼ੀ ਚਲਾ ਦਿੱਤੀ ਸੀ, ਜਿਸ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਥਾਣਾ ਮੁਖੀ ਪਾਤੜਾਂ ਹਰਮਨਪ੍ਰਰੀਤ ਸਿੰਘ ਚੀਮਾ ਅਤੇ ਸਿਟੀ ਪੁਲਿਸ ਚੌਕੀ ਇੰਚਾਰਜ ਬਲਜੀਤ ਸਿੰਘ ਨਾਲ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਸਾਰੇ ਪੱਖਾਂ ਤੋਂ ਬਾਰੀਕੀ ਨਾਲ ਪੜਤਾਲ ਕੀਤੀ। ਇਸ ਦੌਰਾਨ ਮੁਲਜ਼ਮ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਦੁਗਾਲ ਖੁਰਦ ਅਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਇਰਾਦਾ ਕਤਲ ਅਤੇ ਆਰਮਡ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਕੇਸ ਦੀ ਪੜਤਾਲ ਦੌਰਾਨ ਗੁਰਵਿੰਦਰ ਸਿੰਘ ਨੂੰ ਪੁਲਿਸ ਨੇ ਨਿਆਲ ਬਾਈਪਾਸ ਤੋਂ 32 ਬੋਰ ਦੇ ਪਿਸਤੌਲ, ਚਾਰ ਕਾਰਤੂਸਾਂ ਅਤੇ ਹਰਿਆਣਾ ਨੰਬਰੀ ਕਾਰ ਸਮੇਤ ਗਿ੍ਫ਼ਤਾਰ ਕਰ ਲਿਆ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਗਿ੍ਫਤਾਰ ਕੀਤੇ ਗਏ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ ਦੇ ਅੱਧੀ ਦਰਜਨ ਦੇ ਕਰੀਬ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਦੌਰਾਨ ਦੂਸਰੇ ਮੁਲਜ਼ਮ ਦੀ ਪਛਾਣ ਕੁਲਵਿੰਦਰ ਸਿੰਘ ਵਾਸੀ ਦਿੜ੍ਹਬਾ (ਸੰਗਰੂਰ) ਵਜੋਂ ਹੋਈ ਹੈ, ਜਿਸ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।