Home Protest ਜਥੇਬੰਦੀਆਂ ਨੇ ਕੋਠੀ ਕਾਂਡ ਦੇ ਹੋਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸਬੰਧੀ ਐਸਐਸਪੀ ਨੂੰ...

ਜਥੇਬੰਦੀਆਂ ਨੇ ਕੋਠੀ ਕਾਂਡ ਦੇ ਹੋਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਸਬੰਧੀ ਐਸਐਸਪੀ ਨੂੰ ਦਿਤਾ ਮੰਗ ਪੱਤਰ

63
0


ਜਗਰਾਓਂ, 20 ਜੂਨ ( ਜਗਰੂਪ ਸੋਹੀ )-ਜਗਰਾਉਂ ਦੇ ਹੀਰਾਬਾਗ ਦੀ ਗਲੀ ਨੰਬਰ 9 ਵਿੱਚ ਸਥਿਤ ਐਨ.ਆਰ.ਆਈ ਪਰਿਵਾਰ ਦੀ ਤਿੰਨ ਮੰਜ਼ਿਲਾ ਕੋਠੀ ’ਤੇ ਸਥਾਨਕ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਵੱਲੋਂ ਨਜਾਇਜ਼ ਕਬਜ਼ੇ ਕਰਨ ਦੇ ਦੋਸ਼ਾਂ ਤੋਂ ਬਾਅਦ ਚਰਚਾ ਦੌਰਾਨ ਕੋਠੀ ਦੀ ਜਾਅਲੀ ਪਾਵਰ ਆਫ਼ ਅਟਾਰਨੀ ਤੇ ਰਜਿਸਟਰੀ ਕਰਵਾਉਣ ਵਾਲੇ ਅਸ਼ੋਕ ਕੁਮਾਰ ਖਿਲਾਫ ਥਾਣਾ ਸਿਟੀ ਜਗਰਾਉਂ ਵਿੱਚ ਕੋਠੀ ਖਰੀਦਣ ਵਾਲੇ ਕਰਮ ਸਿੰਘ ਸਿੱਧੂ ਦੇ ਬਿਆਨਾਂ ਤੇ ਭਾਵੇਂ ਧੋਖਾ ਧੜੀ ਦੇ ਦੋਸ਼ ਵਿਚ ਮੁਕਦਮਾ ਦਰਜ ਕਰ ਲਿਆ ਗਿਆ ਹੈ। ਪਰ ਉਸਦੇ ਬਾਵਜੂਦ ਵੀ ਇਹ ਮਾਮਲਾ ਠੱਪ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਸਬੰਧੀ ਮੰਗਲਵਾਰ ਨੂੰ ਇਲਾਕੇ ਦੇ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ ਅਤੇ ਇਨਕਲਾਬੀ ਜਥੇਬੰਦੀਆਂ ਵਲੋਂ ਰੋਸ ਪ੍ਰਦਰਸ਼ਨ ਤੋਂ ਬਾਅਦ ਐਸਐਸਪੀ ਨਵਨੀਤ ਬੈਂਸ ਨੂੰ ਮੰਗ ਪੱਤਰ ਸੌਂਪ ਕੇ ਇਸ ਵੱਡੇ ਘਪਲੇ ਵਿੱਚ ਸ਼ਾਮਲ ਹੋਰ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ। ਪ੍ਰਧਾਨ ਸੁਰਿੰਦਰ ਸਿੰਘ ਅਤੇ ਜਸਵੀਰ ਸਿੰਘ ਝੱਜ ਦੀ ਅਗਵਾਈ ਹੇਠ ਐਸਐਸਪੀ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਹੈ ਕਿ ਐਨ.ਆਰ.ਆਈ ਪਰਿਵਾਰ ਦੀ ਉਕਤ ਕੋਠੀ ਵਿੱਚ ਮਿਲੀਭੁਗਤ ਕਰਕੇ ਅਸ਼ੋਕ ਕੁਮਾਰ ਵੱਲੋਂ ਜਾਅਲੀ ਪਾਵਰ ਆਫ਼ ਅਟਾਰਨੀ ਤਿਆਰ ਕਰਵਾ ਕੇ ਰਜਿਸਟਰੀ ਕਰਵਾਈ ਗਈ ਹੈ। ਜਿਸ ਵਿਚ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਵੀ ਮਿਲੀਭੁਗਤ ਹੈ। ਬਿਜਲੀ ਵਿਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਗਲਤ ਦਸਤਾਵੇਜ਼ ਪੇਸ਼ ਕਰਕੇ ਮਿਲੀਭੁਗਤ ਨਾਲ ਬਿਜਲੀ ਦੇ ਮੀਟਰ ਅਤੇ ਪਾਣੀ ਦੇ ਕੁਨੈਕਸ਼ਨ ਲਏ ਗਏ। ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਕੇ ਇਸ ਵੱਡੇ ਘਪਲੇ ਵਿੱਚ ਜੋ ਵੀ ਵਿਭਾਗ ਦਾ ਅਧਿਕਾਰੀ ਸ਼ਾਮਲ ਪਾਇਆ ਜਾਂਦਾ ਹੈ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਉਪਰੋਕਤ ਕੋਠੀ ਦੀਆਂ ਚਾਬੀਆਂ ਪੀੜਤ ਪਰਿਵਾਰ ਨੂੰ ਦਿੱਤੀਆਂ ਜਾਣ। ਇਸ ਮੌਕੇ ਅਵਤਾਰ ਸਿੰਘ, ਕਮਲਜੀਤ ਖੰਨਾ ਇੰਕਲਾਬੀ ਕੇਂਦਰ ਪੰਜਾਬ, ਹਾਕਮ ਰਾਜਗੜ੍ਹ, ਕਮਲਜੀਤ ਸਿੰਘ ਬੁਜ਼ੁਰਗ, ਅਮਰ ਸਿੰਘ, ਦਵਿੰਦਰ ਸਿੰਘ, ਬਲਰਾਜ ਸਿੰਘ, ਬੂਟਾ ਸਿੰਘ ਚਕਰ, ਸਤਨਾਮ ਸਿੰਘ, ਕਰਮਜੀਤ ਸਿੰਘ ਮਾਣੂੰਕੇ ਆਦਿ ਹਾਜ਼ਰ ਸਨ।
ਪੁਲਿਸ ਦੀ ਭੂਮਿਕਾ ਵੀ ਸ਼ੱਕ ਦੇ ਦਾਇਰੇ ਵਿਚ-
ਇਲਾਕੇ ਵਿਚ ਚੱਲ ਰਹੀ ਚਰਚਾ ਅਨੁਸਾਰ ਐਨ.ਆਰ.ਆਈ. ਪਰਿਵਾਰ ਦੀ ਉਕਤ ਕੋਠੀ ਦੀ ਸਾਜ਼ਿਸ਼ ਤਹਿਤ ਹੋਏ ਵੱਡੇ ਘਪਲੇ ’ਚ ਪੁਲਿਸ ਦੀ ਭੂਮਿਕਾ ਵੀ ਸ਼ੱਕ ਦੇ ਘੇਰੇ ’ਚ ਹੈ ਅਤੇ ਵਿਧਾਇਕਾ ਦੇ ਇਕ ਅਤੀ ਨਜ਼ਦੀਕੀ ਉੱਚ ਪੁਲਿਸ ਅਧਿਕਾਰੀ ਦੀਆਂ ਜਾਅਲੀ ਮੁਖਤਿਆਰਨਾਮੇ ਤੇ ਰਜਿਸਟਰੀ ਕਰਵਾਉਣ ਵਾਲੇ ਅਸ਼ੋਕ ਕੁਮਾਰ ਨਾਲ ਫੋਟੋਆਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ ਅਤੇ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ। ਇਲਾਕੇ ਵਿਚ ਚਰਚਾ ਕੀਤੀ ਜਾ ਰਹੀ ਹੈ ਕਿ ਸਾਲ 2010 ’ਚ ਉਕਤ ਕੋਠੀ ਦੇ ਮਾਲਕ ਵਲੋਂ ਆਪਣੇ ਪਹਿਚਾਣ ਵਾਲੇ ਇਕ ਵਿਅਕਤੀ ਨੂੰ ਕੋਠੀ ਸੰਭਾਲੀ ਗਈ ਸੀ। ਉਸ ਵਿਅਕਤੀ ਖਿਲਾਫ ਕਿਸੇ ਵਲੋਂ ਪੁਲਿਸ ਪਾਸ ਨਸ਼ਾ ਵੇਚਣ ਅਤੇ ਨਸ਼ਾ ਹੋਣ ਦੀ ਮੁਖਬਰੀ ਕੀਤੀ ਗਈ ਸੀ। ਜਿਸਦੇ ਆਧਾਰ ਤੇ ਪੁਲਿਸ ਵਲੋਂ ਮੁਕਦਮਾ ਦਰਜ ਕਰਕੇ ਛਾਪੇਮਾਰੀ ਕੀਤੀ ਗਈ ਤਾਂ ਉਥੋਂ ਕੁਝ ਵੀ ਬਰਾਮਦ ਨਹੀਂ ਸੀ ਹੋਇਆ। ਪਰ ਪੁਲਿਸ ਇਸ ਸਬੰਧੀ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਸੀ। ਜਿਸਨੂੰ ਬਾਅਦ ਵਿਚ ਅਦਾਲਤ ਵਲੋਂ ਖਾਰਜ ਕਰ ਦਿਤਾ ਗਿਆ ਸੀ। ਪਰ ਚਰਚਾ ਅਨੁਸਾਰ ਕੋਠੀ ਹਥਿਆਉਣ ਦਾ ਸਕੈਂਡਲ ਰਚਣ ਵਾਲੇ ਲੋਕਾਂ ਨੂੰ ਇਹ ਭਰੋਸਾ ਸੀ ਕਿ ਕੋਠੀ ਤੇ ਕਬਜਾ ਹੋਣ ਦੇ ਬਾਵਜੂਦ ਉਪਰੋਕਤ ਪਰਿਵਾਰ ਇਥੇ ਨਹੀਂ ਆਏਗਾ। ਜੇਕਰ ਕੋਈ ਆਏਗਾ ਵੀ ਤਾਂ ਉਸਨੂੰ ਪੁਲਿਸ ਦਾ ਡਰ ਦਿਖਾ ਕੇ ਭਜਾ ਦਿਤਾ ਜਾਵੇਗਾ। ਪਰ ਅਜਿਹਾ ਨਹੀਂ ਹੋਇਆ। ਪਰਿਵਾਰ ਦੀਆਂ ਔਰਤਾਂ ਇਥੇ ਆਈਆਂ ਅਤੇ ਉਨ੍ਹਾਂ ਨੇ ਪਬਲਿਕ ਦੇ ਸਹਿਯੋਗ ਨਾਲ ਕੋਠੀ ਤੇ ਕਬਜਾ ਕਰਨ ਵਾਲੇ ਸਕੈਂਡਲ ਦਾ ਪਰਦਾਫਾਸ਼ ਕੀਤਾ। ਇਸ ਮਾਮਲੇ ਵਿਚ ਉਨ੍ਹਾਂ ਦਾ ਸਾਥ ਜਗਰਾਓਂ ਹੀ ਨਹੀਂ ਬਲਕਿ ਸਮੁੱਚੇ ਪੰਜਾਬ ਅਤੇ ਵਿਦੇਸ਼ ਤੋਂ ਵੀ ਮਿਲਿਆ। ਜਿਸ ਕਾਰਨ ਉਨ੍ਹਾਂ ਦੀ ਕੋਠੀ ਖਾਲੀ ਹੋ ਗਈ ਹੈ। (ਮੰਨਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਸਰਕਾਰ ਵਲੋਂ ਵਿਜੀਲੈਂਸ ਨੂੰ ਸੌਂਪ ਦਿੱਤੀ ਗਈ ਹੈ, ਇਸਦੀ ਅਜੇ ਪੁਸ਼ਟੀ ਨਹੀਂ ਹੋ ਸਕੀ ) ਜੇਕਰ ਵਿਜੀਲੈਂਸ ਵੱਲੋਂ ਇਸ ਵੱਡੇ ਸਕੈਂਡਲ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਜਗਰਾਉਂ ਪੁਲਸ ਦੇ ਇਕ ਉੱਚ ਅਧਿਕਾਰੀ ਤੱਕ ਵੀ ਇਸਦਾ ਸੇਕ ਜਰੂਰ ਪਹੁੰਚੇਗਾ। ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਊੰਠ ਕਿਸ ਕਰਵਟ ਬੈਠੇਗਾ। ਇਸ ਕਾਰਵਾਈ ਅਤੇ ਸਕੈਂਡਲ ਵਿਚ ਸ਼ਾਮਲ ਸਭ ਲੋਕਾਂ ਦੇ ਚਿਹਰੇ ਨੰਗੇ ਹੋਣ ਤੇ ਸਭ ਦੀ ਨਜਰ ਲੱਗੀ ਹੋਈ ਹੈ।

LEAVE A REPLY

Please enter your comment!
Please enter your name here