ਲੁਧਿਆਣਾ (ਭੰਗੂ) ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਵੱਲੋਂ ਬੁੱਧਵਾਰ ਨੂੰ ਅਚਨਚੇਤ ਹੜਤਾਲ ਦਾ ਐਲਾਨ ਕਰ ਦਿੱਤਾ ਗਿਆ। ਹੜਤਾਲ ਕਾਰਨ ਸਬ-ਰਜਿਸਟਰਾਰ ਦਫ਼ਤਰ ਵਿੱਚ ਜਾਇਦਾਦ ਦੀ ਰਜਿਸਟਰੀ ਅਤੇ ਤਹਿਸੀਲ ਦਫ਼ਤਰ ਨਾਲ ਸਬੰਧਤ ਹੋਰ ਕੰਮਕਾਜ ਠੱਪ ਰਿਹਾ ਜਿਸ ਕਾਰਨ ਲੋਕਾਂ ਨੂੰ ਵੀ ਬਿਨਾਂ ਕੰਮ ਕਰਵਾਏ ਵਾਪਸ ਜਾਣਾ ਪਿਆ। ‘ਪੰਜਾਬੀ ਜਾਗਰਣ’ ਵੱਲੋਂ ਲੁਧਿਆਣਾ ਦੀ ਕੇਂਦਰੀ, ਪੂਰਬੀ ਅਤੇ ਪੱਛਮੀ ਤਹਿਸੀਲ ਦਾ ਨਿਰੀਖਣ ਕੀਤਾ ਗਿਆ ਤਾਂ ਜਾਣਕਾਰੀ ਮਿਲੀ ਕਿਸੇ ਵੀ ਤਹਿਸੀਲ ਵਿਚ ਅੱਜ ਅਧਿਕਾਰੀਆਂ ਵੱਲੋਂ ਵਸੀਕਾ ਤਸਦੀਕ ਨਹੀਂ ਕੀਤਾ ਗਿਆ। ਲੋਕਾਂ ਨੂੰ ਬੇਰੰਗ ਘਰਾਂ ਨੂੰ ਵਾਪਸ ਪਰਤਣਾ ਪਿਆ। ਜਦ ਹੜਤਾਲ ‘ਤੇ ਜਾਣ ਸਬੰਧੀ ਤਹਿਸੀਲਦਾਰ ਕੇਂਦਰੀ ਤਹਿਸੀਲ ਦੇ ਰਜਿਸਟਰਾਰ ਲਵਪ੍ਰੀਤ ਸਿੰਘ ਸ਼ੇਰਗਿੱਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਟਾਲਾ ਵੱਟਦਿਆਂ ਕਿਹਾ ਕੇ ਮੈਂ ਘਰ ਦੇ ਨਿੱਜੀ ਕੰਮਾਂ ਕਾਰਨ ਕੈਜੁਅਲ ਲੀਵ ‘ਤੇ ਹਾਂ, ਜਦ ਉਨ੍ਹਾਂ ਨੂੰ ਤਹਿਸੀਲਦਾਰਾਂ ਵੱਲੋਂ ਹੜਤਾਲ ‘ਤੇ ਜਾਣ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਅਜੇ ਕੋਈ ਜਾਣਕਾਰੀ ਨਹੀਂ ਕਿਉਂਕਿ ਮੈਂ ਆਪਣੇ ਨਿੱਜੀ ਕੰਮਾਂ ਕਾਰਨ ਛੁੱਟੀ ‘ਤੇ ਹਾਂ।
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਪੱਤਰ
ਦੱਸ ਦੇਈਏ ਕਿ ਮੰਗਲਵਾਰ ਨੂੰ ਦਿਨ ਭਰ ਸੋਸ਼ਲ ਮੀਡੀਆ ‘ਤੇ ਵਿਜੀਲੈਂਸ ਦਾ ਇਕ ਪੱਤਰ ਵਾਇਰਲ ਹੋ ਰਿਹਾ ਸੀ। ਪੱਤਰ ਵਿੱਚ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਸਮੇਤ ਸੂਬੇ ਭਰ ਦੇ ਕਰੀਬ 47 ਵਿਅਕਤੀਆਂ ’ਤੇ ਸਰਕਾਰੀ ਕੰਮ ਕਰਵਾਉਣ ਬਦਲੇ ਰਿਸ਼ਵਤ ਲੈਣ ਦੇ ਦੋਸ਼ ਲਾਏ ਗਏ ਹਨ। ਹਾਲਾਂਕਿ ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਵਿਜੀਲੈਂਸ ਦਾ ਇਹ ਪੱਤਰ ਸੱਚ ਹੈ ਜਾਂ ਫਰਜ਼ੀ। ਪਰ ਇਸ ਪੱਤਰ ਨੂੰ ਲੈ ਕੇ ਸੂਬੇ ਦੀ ਤਹਿਸੀਲਦਾਰ ਐਸੋਸੀਏਸ਼ਨ ਵੱਲੋਂ ਬੁੱਧਵਾਰ ਨੂੰ ਅਚਨਚੇਤ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਸਮੇਂ ਵਿਜੀਲੈਂਸ ਦੇ ਪੱਤਰ ਨੂੰ ਲੈ ਕੇ ਚੰਡੀਗੜ੍ਹ ਵਿੱਚ ਤਹਿਸੀਲਦਾਰਾਂ ਦੀ ਮੀਟਿੰਗ ਚੱਲ ਰਹੀ ਹੈ।