ਜਗਰਾਓਂ, 23 ਜੂਨ ( ਬੌਬੀ ਸਹਿਜਲ, ਧਰਮਿੰਦਰ )-ਪੁਲਿਸ ਜ਼ਿਲ੍ਹਾ ਲੁਧਿਆਣਾ ਦੇਹਾਤੀ ਦੀਆਂ ਵੱਖ-ਵੱਖ ਪੁਲਿਸ ਪਾਰਟੀਆਂ ਵੱਲੋਂ 60 ਗ੍ਰਾਮ ਹੈਰੋਇਨ, 35 ਬੋਤਲਾਂ ਨਜਾਇਜ਼ ਸ਼ਰਾਬ ਅਤੇ 125 ਨਸ਼ੀਲੀਆਂ ਗੋਲੀਆਂ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਥਾਣਾ ਜੋਧਾ ਤੋਂ ਏ.ਐਸ.ਆਈ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਚੈਕਿੰਗ ਦੌਰਾਨ ਸਿੰਗਲਾ ਇਨਕਲੇਵ ਰੋਡ ਨੇੜੇ ਮੌਜੂਦ ਸਨ। ਉਥੇ ਲੁਧਿਆਣਾ ਵਾਲੇ ਪਾਸੇ ਤੋਂ ਪਲਟੀਨਾ ਮੋਟਰਸਾਈਕਲ ’ਤੇ ਦੋ ਵਿਅਕਤੀ ਆ ਰਹੇ ਸਨ। ਜਿਨ੍ਹਾਂ ਨੂੰ ਪੁਲਿਸ ਪਾਰਟੀ ਵੱਲੋਂ ਚੈਕਿੰਗ ਲਈ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹ ਮੋਟਰਸਾਈਕਲ ਨੂੰ ਪਿੱਛੇ ਵੱਲ ਭਜਾਉਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪਿੱਛੇ ਬੈਠੇ ਲੜਕੇ ਨੇ ਆਪਣੀ ਜੇਬ ’ਚੋਂ ਲਿਫ਼ਾਫ਼ਾ ਕੱਢ ਕੇ ਸੜਕ ’ਤੇ ਸੁੱਟ ਦਿੱਤਾ। ਪੁਲਸ ਪਾਰਟੀ ਨੇ ਜਦੋਂ ੳਨ੍ਹਾਂ ਨੂੰ ਕਾਬੂ ਕਰਕੇ ਸੜਕ ’ਤੇ ਸੁੱਟੇ ਲਿਫਾਫੇ ਦੀ ਜਾਂਚ ਕੀਤੀ ਤਾਂ ਉਸ ’ਚੋਂ 60 ਗ੍ਰਾਮ ਹੈਰੋਇਨ ਬਰਾਮਦ ਹੋਈ। ਇਨ੍ਹਾਂ ਦੋਵਾਂ ਲੜਕਿਆਂ ਦੀ ਪਛਾਣ ਰੂਪ ਸਿੰਘ ਵਾਸੀ ਲੋਹਗੜ੍ਹ ਥਾਣਾ ਜੋਧਾ ਅਤੇ ਸੰਦੀਪ ਸਿੰਘ ਵਾਸੀ ਗੁੱਜਰਵਾਲ ਵਜੋਂ ਹੋਈ ਹੈ। ਇਨ੍ਹਾਂ ਖ਼ਿਲਾਫ਼ ਥਾਣਾ ਜੋਧਾਂ ਵਿੱਚ ਕੇਸ ਦਰਜ ਕੀਤਾ ਗਿਆ। ਥਾਣਾ ਹਠੂਰ ਤੋਂ ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਉਹ ਚੈਕਿੰਗ ਦੌਰਾਨ ਮੇਨ ਚੌਕ ਹਠੂਰ ਵਿਖੇ ਮੌਜੂਦ ਸਨ। ਉਥੇ ਮਿਲੀ ਸੂਚਨਾ ਦੇ ਆਧਾਰ ’ਤੇ ਲਖਬੀਰ ਸਿੰਘ ਉਰਫ ਲੱਖਾ ਵਾਸੀ ਪਿੰਡ ਚੱਕ ਭਾਈਕਾ ਨੂੰ ਉਸ ਦੇ ਸ਼ਾਮਲਾਟ ਘਰ ’ਚ ਰੱਖੀ 24 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਪੁਲਿਸ ਥਾਣਾ ਸਿਟੀ ਰਾਏਕੋਟ ਤੋਂ ਹੌਲਦਾਰ ਨਿਰਭੈ ਸਿੰਘ ਨੇ ਚੈਕਿੰਗ ਦੌਰਾਨ ਐਸ.ਜੀ.ਜੀ ਸਕੂਲ ਗੋਂਦਵਾਲ ਨੇੜੇ ਮਿਲੀ ਸੂਚਨਾ ਦੇ ਆਧਾਰ ’ਤੇ ਕੁਲਜੀਤ ਸਿੰਘ ਵਾਸੀ ਗੋਂਦਵਾਲ ਨੂੰ 11 ਬੋਤਲਾਂ ਸ਼ਰਾਬ ਸਮੇਤ ਕਾਬੂ ਕੀਤਾ। ਥਾਣਾ ਹਠੂਰ ਤੋਂ ਸਬ ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਸ ਪਾਰਟੀ ਸਮੇਤ ਚੈਕਿੰਗ ਲਈ ਹਠੂਰ ਤੋਂ ਪਿੰਡ ਅੱਛਰਵਾਲ ਵੱਲ ਜਾ ਰਹੇ ਸਨ। ਦਾਣਾ ਮੰਡੀ ਗੇਟ ਨੇੜੇ ਇੱਕ ਸਵਿਫਟ ਕਾਰ ਖੜ੍ਹੀ ਦੇਖੀ ਗਈ। ਜਿਸ ਦੀ ਚੈਕਿੰਗ ਕਰਨ ਲਈ ਜਦੋਂ ਪੁਲੀਸ ਨੇੜੇ ਪੁੱਜੀ ਤਾਂ ਕਾਰ ਵਿੱਚ ਬੈਠੇ ਇੱਕ ਲੜਕੇ ਨੇ ਪੁਲੀਸ ਪਾਰਟੀ ਨੂੰ ਦੇਖ ਕੇ ਕਾਰ ਭਜਾਉਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨੂੰ ਕਾਬੂ ਕਰਕੇ ਉਸ ਕੋਲੋਂ 90 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਉਸ ਦੀ ਪਛਾਣ ਹਰਪ੍ਰੀਤ ਸਿੰਘ ਬਿਲਾਸਪੁਰ ਵਜੋਂ ਹੋਈ ਹੈ। ਥਾਣਾ ਸੁਧਾਰ ਤੋਂ ਸਬ-ਇੰਸਪੈਕਟਰ ਪਿਆਰਾ ਸਿੰਘ ਨੇ ਪੁਲਸ ਪਾਰਟੀ ਸਮੇਤ ਚੈਕਿੰਗ ਦੌਰਾਨ ਪੁਲ ਨਹਿਰ ਸੁਧਾਰ ਬਾਜ਼ਾਰ ’ਚ ਸੂਚਨਾ ਮਿਲਣ ’ਤੇ ਪਵਨ ਕੁਮਾਰ ਵਾਸੀ ਪਿੰਡ ਅਕਾਲਗੜ੍ਹ ਨੂੰ 35 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ।