ਮੁੱਲਾਂਪੁਰ ਦਾਖਾ, 24 ਜੂਨ (ਸਤਵਿੰਦਰ ਸਿੰਘ ਗਿੱਲ)—ਐਨ ਆਰ ਆਈਜ਼ ਦੀਆਂ ਜਾਇਦਾਤਾਂ ਦੇ ਕਬਜੇ ਦੀਆਂ ਖਬਰਾਂ ਅੱਜਕੱਲ ਖੂਬ ਸ਼ੋਸ਼ਲ ਮੀਡੀਆ ਤੇ ਚੱਲ ਰਹੀਆਂ ਹਨ ਪ੍ਰੰਤੂ ਸੂਬਾ ਸਰਕਾਰ ਤੇ ਮੌਕੇ ਦੀ ਪੁਲਸ ਇਸ ਬਾਰੇ ਕੀ ਐਕਸ਼ਨ ਲੈਂਦੀ ਹੈ ਉਹ ਹਾਲੇ ਕਿਹਾ ਨਹੀਂ ਜਾ ਸਕਦਾ।ਅਜਿਹਾ ਇੱਕ ਮਾਮਲਾ ਪੁਲਸ ਜਿਲ੍ਹਾ ਲੁਧਿਆਣਾ ਦਿਹਾਤੀ ਦੇ ਖੇਤਰ ਚ ਸਾਹਮਣੇ ਆਇਆ ਹੈ ਪਿੰਡ ਹਸਨਪੁਰ ਤੋ ਜਿੱਥੇ ਕੁਝ ਅਨਸਰਾਂ ਵੱਲੋਂ ਇਕ ਐਨ ਆਰ ਆਈ ਦੀ ਕੁੱਟਮਾਰ ਕੀਤੀ ਗਈ ਹੈ।ਪਤਾ ਲੱਗਾ ਹੈ ਕਿ ਅਨਿਲ ਸਿੰਘ ਪੁੱਤਰ ਰਵਿੰਦਰ ਸਿੰਘ ਵਾਸੀ ਪਿੰਡ ਲਲਤੋਂ ਕਲਾਂ ਹਾਲ ਵਾਸੀ ਪਿੰਡ ਹਸਨਪੁਰ
ਦਾ ਇਕ ਮਕਾਨ ਉਸਦੇ ਜੱਦੀ ਪਿੰਡ ਲਲਤੋਂ ਕਲਾਂ ਚ ਹੈ ਜਿਸ ਦੇ ਕਬਜੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਉਸ ਤੇ ਕੁਝ ਲੋਕਾਂ ਵਲੋ ਜਾਨਲੇਵਾ ਹਮਲਾ ਕੀਤਾ ਗਿਆ। ਜਿਸ ਕਰਕੇ ਉਸ ਦੀਆਂ ਬਾਹਾਂ ਤੇ ਅਤੇ ਜਬਾੜੇ ਤੇ ਗੰਭੀਰ ਸੱਟਾਂ ਲੱਗੀਆਂ। ਪੀੜਤ ਅਨਿਲ ਸਿੰਘ ਨੇ ਦੱਸਿਆ ਕਿ ਜੇਕਰ ਉਸ ਦਾ ਦੋਸਤ ਜਗਵੀਰ ਸਿੰਘ ਮੌਕੇ ਤੇ ਨਾ ਪੁੱਜਦਾ ਤਾਂ ਹਮਲਾਵਰਾਂ ਨੇ ਉਸ ਨੂੰ ਮਾਰ ਹੀ ਦੇਣਾ ਸੀ। ਅਨਿਲ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਉਸਨੇ ਮਾਡਲ ਥਾਣਾ ਦਾਖਾ ਨੂੰ ਸੂਚਿਤ ਕਰ ਦਿੱਤਾ ਹੈ। ਪੀੜਤ ਅਨਿਲ ਨੇ ਕਿਹਾ ਕਿ ਉਸ ਦਾ ਬਾਪ ਰਵਿੰਦਰ ਸਿੰਘ ਕਾਫੀ ਬਜੁਰਗ ਹੈ ਅਤੇ ਉਹ 97 ਪ੍ਰਤੀਸ਼ਤ ਅਪਾਹਜ ਹੈ, ਪਰ ਫੇਰ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਮੇਰੇ ਬਾਪ ਤੋ ਧੱਕੇ ਨਾਲ ਸਾਈਂਨ ਕਰਵਾ ਲਏ ਤੇ ਸਾਡਾ ਜੱਦੀ ਮਕਾਨ(ਜੌ ਲਲਤੋਂ ਪਿੰਡ ਚ ਹੈ) ਤੇ ਕਬਜਾ ਕਰ ਲਿਆ ਹੈ । ਲੜਾਈ ਵਾਲੇ ਕੇਸ ਦੀ ਪੈਰਵਾਈ ਕਰ ਰਹੇ ਏ ਐਸ ਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਕੱਲ 25 ਜੂਨ ਨੂੰ ਐਸ ਐਚ ਓ ਦਾਖਾ ਦਲਜੀਤ ਸਿੰਘ ਗਿੱਲ ਪਿੰਡ ਹਸਨਪੁਰ ਜਾਣਗੇ ਤੇ ਮੌਕਾ ਦੇਖਣਗੇ,ਉਪਰੰਤ ਕਥਿਤ ਦੋਸ਼ੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਏ ਐਸ ਆਈ ਕੁਲਦੀਪ ਸਿੰਘ ਨੇ ਦਸਿਆ ਕਿ ਉਕਤ ਮਾਮਲਾ ਪੁਲਸ ਦੇ ਧਿਆਨ ਵਿੱਚ ਹੈ,ਇਸ ਵਿੱਚ ਜੌ ਵੀ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।