ਜਗਰਾਓਂ, 12 ਜੁਲਾਈ ( ਰੇਜੇਸ਼ ਜੈਨ, ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਜਗਰਾਉਂ ਦੇ ਹੀਰਾ ਬਾਗ ਸਥਿਤ ਐਨ.ਆਰ.ਆਈ ਪਰਿਵਾਰ ਦੀ ਕੋਠੀ ’ਤੇ ਨਜਾਇਜ਼ ਕਬਜ਼ੇ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਬੁੱਧਵਾਰ ਨੂੰ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਵੱਡੇ ਪੱਧਰ ’ਤੇ ਇਕੱਠੇ ਹੋ ਕੇ ਐਨ.ਆਰ.ਆਈ.ਪਰਿਵਾਰ ਅਤੇ ਉਨ੍ਹਾਂ ਦੇ ਹੱਕ ਵਿੱਚ ਲਗਾਤਾਰ ਪ੍ਰਦਰਸ਼ਨ ਕਰ ਰਹੇ ਲੋਕਾਂ ਖ਼ਿਲਾਫ਼ ਕਾਰਵਾਈ ਕਰਵਾਉਣ ਐਸਐਸਪੀ ਦਫਤਰ ਸਾਹਮਣੇ ਰੋਸ਼ ਪ੍ਰਦਰਸ਼ਨ ਕੀਤਾ ਅਤੇ ਐਸਐਸਪੀ ਨੂੰ ਮੰਗ ਪੱਤਰ ਸੌਂਪ ਕੇ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ 5 ਦਿਨਾਂ ਦਾ ਸਮਾਂ ਦਿੱਤਾ ਗਿਆ। ਇਸ ਮੌਕੇ ਐਸਐਸਪੀ ਦਫ਼ਤਰ ਵਿੱਚ ਇਕੱਠੇ ਹੋਏ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਨੇ ਐਨਆਰਆਈ ਪਰਿਵਾਰ ਦੀਆਂ ਮਹਿਲਾਵਾਂ ਵੱਲੋਂ ਸਥਾਨਕ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੇ ਦੋਸ਼ ਲਾਏ। ਜਦੋਂਕਿ ਹੁਣ ਇਸ ਮਾਮਲੇ ਵਿੱਚ ਵਿਧਾਇਕ ਦੀ ਕੋਈ ਭੂਮਿਕਾ ਨਹੀਂ ਬਚੀ ਹੈ। ਉਨ੍ਹਾਂ ਕਿਹਾ ਕਿ ਇਹ ਕੋਠੀ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਕਰਮ ਸਿੰਘ ਸੰਧੂ ਤੋਂ ਇਕ ਬਕਾਇਆ ਇਕਰਾਰਨਾਮੇ ਰਾਹੀਂ ਕਿਰਾਏ ’ਤੇ ਲਈ ਸੀ। ਜਦੋਂ ਉਸ ਕੋਠੀ ਦੀ ਮਾਲਕੀ ਨੂੰ ਲੈ ਕੇ ਝਗੜਾ ਸਾਹਮਣੇ ਆਇਆ ਤਾਂ ਉਨ੍ਹਾਂ ਨੇ ਤੁਰੰਤ ਕੋਠੀ ਖਾਲੀ ਕਰ ਦਿੱਤੀ ਅਤੇ ਚਾਬੀਆਂ ਕਰਮ ਸਿੰਘ ਸੰਧੂ ਨੂੰ ਸੌਂਪ ਦਿੱਤੀਆਂ, ਜਿਸ ਤੋਂ ਉਨ੍ਹਾਂ ਨੇ ਕੋਠੀ ਕਿਰਾਏ ’ਤੇ ਲਈ ਸੀ। ਉਸ ਤੋਂ ਬਾਅਦ ਕੋਠੀ ਦੇ ਮਾਮਲੇ ਵਿੱਚ ਜਾਅਲੀ ਪਾਵਰ ਆਫ਼ ਅਟਾਰਨੀ ਦੇ ਆਧਾਰ ’ਤੇ ਰਜਿਸਟਰੀ ਕਰਵਾਉਣ ਵਾਲੇ ਅਸ਼ੋਕ ਕੁਮਾਰ ਖ਼ਿਲਾਫ਼ ਵੀ ਕੇਸ ਦਰਜ ਹੋ ਚੁੱਕਾ ਹੈ। ਇਸ ਦੇ ਬਾਵਜੂਦ ਐਨਆਰਆਈ ਔਰਤਾਂ ਜਥੇਬੰਦੀਆਂ ਨਾਲ ਮਿਲ ਕੇ ਵਿਧਾਇਕ ਖ਼ਿਲਾਫ਼ ਪ੍ਰਚਾਰ ਕਰ ਰਹੀਆਂ ਹਨ। ਉਨ੍ਹਾਂ ਕੋਲ ਉਸ ਕੋਠੀ ਦੀਆਂ ਚਾਬੀਆਂ ਅਤੇ ਕਬਜ਼ਾ ਇਸ ਸਮੇਂ ਹੈ। ਜੇਕਰ ਹੁਣ ਕੋਈ ਕਾਨੂੰਨੀ ਕਾਰਵਾਈ ਦੀ ਉਨ੍ਹਾਂ ਨੂੰ ਜਰੂਰਤ ਲੱਗਦੀ ਹੈ ਤਾਂ ਉਹ ਅਦਾਲਤ ਦਾ ਦਰਵਾਜਾ ਖੜਕਾਉਣ। ਵਲੰਟੀਅਰਾਂ ਨੇ ਚਿਤਾਵਨੀ ਦਿੱਤੀ ਕਿ ਇਸ ਤੋਂ ਬਾਅਦ ਵੀ ਜੇਕਰ ੳਨ੍ਹਾਂ ਨੇ ਵਿਧਾਇਕ ਖਿਲਾਫ ਗਲਤ ਪ੍ਰਚਾਰ ਕਰਨਾ ਬੰਦ ਨਾ ਕੀਤਾ ਤਾਂ ਉਹ ਵੱਡੇ ਪੱਧਰ ’ਤੇ ਸੜਕਾਂ ’ਤੇ ਉਤਰਨਗੇ।
ਸੋਸ਼ਲ ਮੀਡੀਆ ਪੋਸਟ ਕਾਰਨ ਵਧਿਆ ਵਿਵਾਦ-
ਸੋਮਵਾਰ ਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਬਣਾਈ ਗਈ ਐਨ.ਆਰ.ਆਈ ਪ੍ਰਾਪਰਟੀ ਬਚਾਓ ਐਕਸ਼ਨ ਕਮੇਟੀ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਅਤੇ ਵਿਧਾਇਕ ਸਰਬਜੀਤ ਕੌਰ ਮਾਣੂੰਕੇ, ਕਰਮ ਸਿੰਘ ਸੰਧੂ, ਅਸ਼ੋਕ ਕੁਮਾਰ, ਕੋਠੀ ਦੀ ਰਜਿਸਟਰੀ ਕਰਨ ਵਾਲੇ ਤਹਿਸੀਲਦਾਰ, ਬਿਜਲੀ ਵਿਭਾਗ ਦੇ ਅਧਿਕਾਰੀਆਂ ਤੇ ਹੋਰਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਸੀ। ਉਸ ਤੋਂ ਬਾਅਦ ਐਨ.ਆਰ.ਆਈ.ਅਮਰਜੀਤ ਕੌਰ ਦੀ ਨੂੰਹ ਕੁਲਦੀਪ ਕੌਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਦਿੱਤੀ ਕਿ ਉਸ ਕੋਲ ਸਿਰਫ਼ ਘਰ ਦੀਆਂ ਚਾਬੀਆਂ ਹਨ, ਇਸ ਮਾਮਲੇ ’ਚ ਅਸ਼ੋਕ ਕੁਮਾਰ ਤੋਂ ਇਲਾਵਾ ਹੋਰ ਲੋਕਾਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਵੱਡੇ ਸਕੈਂਡਲ ਵਿੱਚ ਸ਼ਾਮਲ ਲੋਕਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਅਸ਼ੋਕ ਕੁਮਾਰ ਵੱਲੋਂ ਕਰਮ ਸਿੰਘ ਨੂੰ ਕਰਵਾਈ ਗਈ ਜਾਅਲੀ ਰਜਿਸਟਰੀ ਅਜੇ ਤੱਕ ਰੱਦ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਉਸ ਦੀ ਪੁਰਾਣੀ ਰਜਿਸਟਰੀ ਬਹਾਲ ਕੀਤੀ ਗਈ ਹੈ। ਇਸ ਸਭ ਦਾ ਕਾਰਨ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਸਿਆਸੀ ਦਬਾਅ ਹੇਠ ਕੰਮ ਕਰਨਾ ਹੈ। ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਵਿਧਾਨ ਸਭਾ ਹਲਕਾ ਜਗਰਾਓਂ ਦੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਅਤੇ ਬੁੱਧਵਾਰ ਨੂੰ ਉਨ੍ਹਾਂ ਨੇ ਇਕੱਠੇ ਹੋ ਕੇ ਉਨ੍ਹਾਂ ਪ੍ਰਦਰਸ਼ਨ ਕੀਤਾ ਅਤੇ ਐਸਐਸਪੀ ਨੂੰ ਮੰਗ ਪੱਤਰ ਸੌਂਪ ਕੇ ਐਨਆਰਆਈ ਪਰਿਵਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।
ਵਿਧਾਇਕ ਖਿਲਾਫ ਇਤਰਾਜਯੋਗ ਟਿੱਪਣੀ-ਐੱਸਐੱਸਪੀ ਦਫ਼ਤਰ ਦੇ ਅੰਦਰ ਜਦੋਂ ਆਮ ਆਦਮੀ ਪਾਰਟੀ ਦੀ ਵਲੰਟੀਅਰ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਹੱਕ ਵਿੱਚ ਐੱਸਐੱਸਪੀ ਨੂੰ ਮੰਗ ਪੱਤਰ ਦੇਣ ਜਾ ਰਹੇ ਸੀ ਤਾਂ ਉਸ ਸਮੇਂ ਅੱਡਾ ਰਾਏਕੋਟ ਨੇੜੇ ਖਾਲਸਾ ਹਾਈ ਸਕੂਲ ਵਿੱਚ ਤਾਇਨਾਤ ਅਧਿਆਪਕ ਰਛਪਾਲ ਗਾਲਿਬ ਨੇ ਵਿਧਾਇਕ ਸਰਵਜੀਤ ਮਾਣੂੰਕੇ ਦੀ ਸ਼ਾਨ ਵਿਚ ਇਕ ਇਤਰਾਜਯੋਗ ਟਿੱਪਣੀ ਕਰ ਦਿਤੀ। ਜਿਸਤ ਆਪ ਵਰਕਰ ਗੁੱਸੇ ਵਿਚ ਆ ਗਏ ਅਤੇ ਉਨ੍ਹਾਂ ਵਲੋਂ ਉੱਥੇ ਪੁਲਿਸ ਦੀ ਮੌਜੂਦਗੀ ’ਚ ਹੀ ਮਾਸਟਰ ਰਛਪਾਲ ਸਿੰਘ ਨਾਲ ਕੁੱਟਮਾਰ ਕੀਤੀ ਅਤੇ ਧਮਕੀਆਂ ਦਿਤੀਆਂ। ਇਸ ਦੌਰਾਨ ਵਿਚ ਬਚਾਅ ਕਰਦੇ ਹੋਏ ਅਧਿਆਪਕ ਰਛਪਾਲ ਗਾਲਿਬ ਨੂੰ ਪੁਲੀਸ ਅਧਿਕਾਰੀਆਂ ਨੇ ਮੌਕੇ ’ਤੇ ਹੀ ਹਿਰਾਸਤ ਵਿੱਚ ਲੈ ਲਿਆ।
ਅਸ਼ੋਕ ਕੁਮਾਰ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ-
ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਕੋਠੀ ਝਗੜੇ ਦੇ ਮਾਮਲੇ ’ਚ ਕਰਮ ਸਿੰਘ ਦੇ ਬਿਆਨ ’ਤੇ ਅਸ਼ੋਕ ਕੁਮਾਰ ਖਿਲਾਫ ਦਰਜ ਕੀਤੇ ਗਏ ਕੇਸ ਦੇ ਸਬੰਧ ’ਚ ਅਸ਼ੋਕ ਕੁਮਾਰ ਦੀ ਗ੍ਰਿਫਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਘਰੋਂ ਫਰਾਰ ਹੋਣ ਕਾਰਨ ਉਹ ਅਜੇ ਤੱਕ ਪੁਲਸ ਦੇ ਹੱਥ ਨਹੀਂ ਆਇਆ। ਇਸ ਤੋਂ ਇਲਾਵਾ ਉਨ੍ਹਾਂ ਨੂੰ ਵਿਧਾਇਕ ਖਿਲਾਫ ਇਤਰਾਜ਼ਯੋਗ ਟਿੱਪਣੀ ਕਰਨ ਵਾਲੇ ਵਿਅਕਤੀ ਸੰਬੰਧੀ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ। ਜੇਕਰ ਲਿਖਤੀ ਸ਼ਿਕਾਇਤ ਮਿਲਦੀ ਹੈ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।