ਜਗਰਾਉਂ, 23 ਜੁਲਾਈ ( ਜਗਰੂਪ ਸੋਹੀ )-ਦੇਰ ਸ਼ਾਮ ਸਿੱਧਵਾਂਬੇਟ ਰੋਡ ’ਤੇ ਪੈਟਰੋਲ ਪੰਪ ਨੇੜੇ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਆਹਮੋ-ਸਾਹਮਣੀ ਟੱਕਰ ’ਚ ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾਗ੍ਰਸਤ ਕਾਰ ’ਚ 5 ਲੋਕ ਸਵਾਰ ਸਨ। ਜਿਸ ’ਚੋਂ 2 ਵਿਅਕਤੀ ਕਾਰ ’ਚੋਂ ਉਤਰ ਕੇ ਕਾਰ ’ਚ ਪਿਆ ਬੈਗ ਲੈ ਕੇ ਮੌਕੇ ਤੋਂ ਫਰਾਰ ਹੋ ਗਏ। ਜਦੋਂ ਕਿ ਆਸਪਾਸ ਦੇ ਲੋਕਾਂ ਨੇ 3 ਲੋਕਾਂ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ। ਦੁਰਘਟਨਾ ਮੌਕੇ ਕਾਰ ’ਚੋਂ ਭੁੱਕੀ ਵੀ ਬਾਹਰ ਸੜਕ ’ਤੇ ਖਿੱਲਰੀ ਪਈ ਮਿਲੀ ਅਤੇ ਲੋਕਾਂ ’ਚ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਜੋ ਦੋ ਵਿਅਕਤੀ ਕਾਰ ਵਿਚ ਪਿਆ ਬੈਗ ਲੈ ਕੇ ਭੱਜੇ ਹਨ, ਉਸ ਬੈਗ ਵਿਚ ਵੀ ਕੋਈ ਇਤਰਾਜ਼ਯੋਗ ਚੀਜ਼ ਹੋ ਸਕਦੀ ਹੈ। ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਅਮਰਜੀਤ ਸਿੰਘ ਅਤੇ ਏਐਸਆਈ ਸੁਰਜੀਤ ਸਿੰਘ ਮੌਕੇ ’ਤੇ ਪੁੱਜੇ ਪਰ ਉਹ ਇਸ ਸੰਬੰਧੀ ਮੀਡੀਆ ਦੇ ਸਵਾਲਾਂ ਤੋਂ ਟਾਲਾ ਵੱਟਦੇ ਹੋਏ ਨੇੜੇ ਹੀ ਇੱਕ ਵਿਅਕਤੀ ਦੇ ਦਫ਼ਤਰ ਵਿੱਚ ਜਾ ਕੇ ਬੈਠ ਗਏ ਅਤੇ ਬਾਹਰ ਆ ਕੇ ਵੀ ਉਨ੍ਹਾਂ ਕੋਈ ਜਵਾਬ ਦੇਣ ਦੀ ਲੋੜ ਨਹੀਂ ਸਮਝੀ। ਮੌਕੇ ’ਤੇ ਮੌਜੂਦ ਲੋਕਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਗੁਰਨਾਮ ਸਿੰਘ ਵਾਸੀ ਅਗਵਾੜ ਲੋਪੋ ( 30 ਸਾਲ ) ਆਪਣੀ ਪਤਨੀ ਸੰਦੀਪ ਕੌਰ ਨਾਲ ਮੋਟਰਸਾਈਕਲ ’ਤੇ ਸਵਾਰ ਹੋ ਕੇ ਆ ਰਿਹਾ ਸੀ। ਸਿੱਧਵਾਂਬੇਟ ਵਾਲੇ ਪਾਸੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਆਊਟਸਾਇਡ ਜਾ ਕੇ ਜਬਰਦਸਤ ਟੱਕਕ ਮਾਰ ਦਿਤੀ। ਜਿਸ ਕਾਰਨ ਗੁਰਨਾਮ ਸਿੰਘ ਅਤੇ ਸੰਦੀਪ ਕੌਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਸਦਰ ਦੀ ਪੁਲੀਸ ਨੇ ਕਾਰ ਵਿੱਚ ਸਵਾਰ 3 ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਦੋ ਮੌਕੇ ਤੋਂ ਫਰਾਰ ਹੋ ਗਏ।