ਜਗਰਾਉਂ, 30 ਜੁਲਾਈ ( ਰਾਜੇਸ਼ ਜੈਨ, ਭਗਵਾਨ ਭੰਗੂ )- ਰਾਤ ਸਮੇਂ ਬਿਹਾਰੀ ਮਜ਼ਦੂਰਾਂ ਦੇ ਕਮਰੇ ’ਚ ਆਏ ਇਕ ਨੌਜਵਾਨ ਨੂੰ ਚੋਰ ਸਮਝ ਕੇ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਅਤੇ ਉਹ ਉਸ ਦੀ ਲਾਸ਼ ਨੂੰ ਲੈ ਕੇ ਕੋਠੇ ਖੰਜੂਰਾਂ ਸੇਮ ਪੁਲ ਦੇ ਨੇੜੇ ਇੱਕ ਫੈਕਟਰੀ ਦੇ ਪਿੱਛੇ ਸੁੱਟ ਆਏ। ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਣ ’ਤੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਜਗਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਬਾਰੀਕੀ ਨਾਲ ਜਾਂਚ ਕਰਦੇ ਹੋਏ ਮਹਿਜ਼ 36 ਘੰਟਿਆਂ ’ਚ ਹੀ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਕੇ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਦੋ ਅਜੇ ਵੀ ਫਰਾਰ ਹਨ। ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਰਾਮਨਾਥ ਯਾਦਵ ਪੁੱਤਰ ਬਲੇਸ਼ਵਰ ਯਾਦਵ ਵਾਸੀ ਇਟਵਾਹਾ ਥਾਣਾ ਬਹਿਰਾ ਜ਼ਿਲ੍ਹਾ ਦਰਭੰਗਾ ਬਿਹਾਰ ਹਾਲ ਵਾਸੀ ਮੇਹਦੀਆਣਾ ਸਾਹਿਬ ਵਾਲਾ ਗੇਟ ਪਿੰਡ ਮੱਲਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਹ ਵਿਆਹਾਂ ਸ਼ਾਦੀਆਂ ਵਿਚ ਹਲਵਾਈ ਦਾ ਕੰਮ ਕਰਦਾ ਹੈ। ਉਸ ਦਾ ਜਗਰਾਉਂ ਦੇ ਮੁਹੱਲਾ ਗੁਰੂ ਤੇਗ ਬਹਾਦਰ ਵਿੱਚ ਇੱਕ ਪਲਾਟ ਹੈ। ਉਸ ਪਲਾਟ ਵਿੱਚ ਉਸ ਨੇ ਛੋਟੇ ਕਮਰੇ ਬਣਾਏ ਹੋਏ ਹਨ। ਜਿਸ ਵਿੱਚ ਵਰਿੰਦਰ ਯਾਦਵ ਵਾਸੀ ਪਿੰਡ ਕਲਾਮਪੁਰਾ ਤਹਿਸੀਲ ਅਤੇ ਜ਼ਿਲ੍ਹਾ ਦਰਭੰਗਾ ਬਿਹਾਰ, ਰਾਹੁਲ ਵਾਸੀ ਪਿੰਡ ਮਕਵਾਂ ਜ਼ਿਲ੍ਹਾ ਪਟਨਾ, ਸਾਜਨ ਕੁਮਾਰ ਵਾਸੀ ਸੁਭੰਕਟਪੁਰਾ ਤਿਕੋਲੀ ਥਾਣਾ ਤਿਸੀਉਟਾ ਜ਼ਿਲ੍ਹਾ ਵੈਸ਼ਾਲੀ ਬਿਹਾਰ, ਸੰਜੀਤ ਸਿੰਘ ਵਾਸੀ ਸੰਦੋਲਾ ਜ਼ਿਲ੍ਹਾ ਹਰਦੋਈ ਉੱਤਰ ਪ੍ਰਦੇਸ਼, ਰਣਜੀਤ ਸਿੰਘ ਵਾਸੀ ਜਾਮਧਰਾ ਜ਼ਿਲ੍ਹਾ ਹਰਦੋਈ ਉੱਤਰ ਪ੍ਰਦੇਸ਼, ਪੱਪੂ ਕੁਮਾਰ ਵਾਸੀ ਪਿੰਡ ਮੁਕੰਦਪੁਰਾ ਜ਼ਿਲ੍ਹਾ ਵੈਸ਼ਾਲੀ ਬਿਹਾਰ, ਰੋਸ਼ਨ ਕੁਮਾਰ ਵਾਸੀ ਕਲਾਮਪੁਰਾ ਤਹਿਸੀਲ ਜ਼ਿਲ੍ਹਾ ਦਰਭੰਗਾ ਬਿਹਾਰ, ਅਨਿਲ ਅਤੇ ਰਣਜੀਤ ਵਾਸੀ ਬਿਹਾਰ ਅਤੇ ਹੋਰ ਕਿਰਾਏ ਤੇ ਰਹਿੰਦੇ ਹਨ। ਰਾਹੁਲ ਨੇ 27 ਜੁਲਾਈ ਨੂੰ ਰਾਤ 3:30 ਵਜੇ ਉਸ ਨੂੰ ਮੋਬਾਈਲ ’ਤੇ ਫ਼ੋਨ ਕਰਕੇ ਦੱਸਿਆ ਕਿ ਮੇਰੇ ਪਲਾਟ ਦੇ ਕਮਰੇ ’ਚ ਚੋਰ ਦਾਖ਼ਲ ਹੋ ਗਿਆ ਹੈ। ਜਦੋਂ ਮੈਂ ਆਪਣੇ ਮੋਟਰਸਾਈਕਲ ’ਤੇ ਆਪਣੇ ਪਲਾਟ ਵਿਚਲੇ ਕਮਰੇ ਵਿਚ ਗਿਆ ਤਾਂ ਦੇਖਿਆ ਕਿ ਵਰਿੰਦਰ ਕੁਮਾਰ ਯਾਦਵ, ਰਾਹੁਲ, ਸੰਜੀਤ ਸਿੰਘ, ਰਣਜੀਤ ਸਿੰਘ, ਪੱਪੂ ਕੁਮਾਰ, ਰੋਸ਼ਨ ਕੁਮਾਰ, ਅਨਿਲ ਅਤੇ ਰਣਜੀਤ ਆਦਿ ਇਕ ਨੌਜਵਾਨ ਦੀ ਡੰਡਿਆਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਸਨ ਅਤੇ ਉਹ ਮਰ ਗਿਆ ਦਾ ਰੌਲਾ ਪਾ ਰਿਹਾ ਸੀ। ਮੈਂ ਉਸ ਨੂੰ ਕੁੱਟਮਾਰ ਕਰਨ ਤੋਂ ਹਟਾ ਦਿੱਤਾ ਅਤੇ ਉਨ੍ਹਾਂ ਨੂੰ ਥਾਣਾ ਸਿਟੀ ਵਿਖੇ ਜਾ ਕੇ ਇਸ ਸਬੰਧੀ ਰਿਪੋਰਟ ਦਰਜ ਕਰਵਾਉਣ ਲਈ ਕਿਹਾ। ਇਸ ਤੋਂ ਬਾਅਦ ਰਾਹੁਲ ਆਪਣੇ ਘਰ ਚਲਾ ਗਿਆ। ਰਾਹੁਲ ਨੇ ਦੱਸਿਆ ਕਿ ਵਟਸਐਪ ’ਤੇ ਚੱਲ ਰਹੇ ਮੈਸੇਜ ’ਤੇ ਇਕ ਨੌਜਵਾਨ ਦੀ ਲਾਸ਼ ਦੀ ਫੋਟੋ ਦੇਖ ਕੇ ਉਸ ਨੂੰ ਪਤਾ ਲੱਗਾ ਕਿ ਪੁਲਸ ਨੇ ਇਕ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ ਉਹ ਉਸਨੂੰ ਯਾਦ ਆਇਆ ਕਿ ਇਸ ਲਾਸ਼ ਦੇ ਪਹਿਨੇ ਹੋਏ ਕੱਪੜੇ ਉਸ ਨੌਜਵਾਨ ਨੇ ਪਹਿਨੇ ਹੋਏ ਸਨ। ਜਿਸ ਨਾਲ ਉਹ ਲੋਕ ਕੁਆਰਟਰ ਵਿੱਚ ਕੁੱਟ ਮਾਰ ਕਰ ਰਹੇ ਸਨ। ਜਿਨ੍ਹਾਂ ਕੁੱਟ ਮਾਰ ਨਾਲ ਸ਼ਾਇਦ ਉਸਦੀ ਮੌਤ ਹੋ ਗਈ ਹੋਵੇਗੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਰਾਹੁਲ ਵਾਸੀ ਪਿੰਡ ਮਕਵਾਂ ਜ਼ਿਲ੍ਹਾ ਪਟਨਾ ਮੌਜੂਦਾ ਵਾਸੀ ਕੱਚਾ ਮਲਕ ਰੋਡ ਜਗਰਾਉਂ, ਸਾਜਨ ਕੁਮਾਰ, ਸੰਜੀਤ ਕੁਮਾਰ, ਰਣਜੀਤ ਸਕਸੈਨਾ, ਵਰਿੰਦਰ ਕੁਮਾਰ, ਪੱਪੂ ਕੁਮਾਰ, ਰੋਸ਼ਨ ਕੁਮਾਰ, ਅਨਿਲ ਅਤੇ ਰਣਜੀਤ ਸਾਰੇ ਵਾਸੀ ਬਿਹਾਰ ਅਤੇ ਮੌਜੂਦਾ ਵਾਸੀ ਮੁਹੱਲਾ ਗੁਰੂ ਤੇਗ ਦੇ ਖਿਲਾਫ ਥਾਣਾ ਸਿਟੀ ਵਿਖੇ ਕਤਲ ਦਾ ਮੁਕਦਮਾ ਦਰਜ ਕਰਕੇ ਇਨ੍ਹਾਂ ਵਿਚੋਂ ਪੁਲਿਸ ਨੇ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਦੋ ਅਨਿਲ ਅਤੇ ਰਣਜੀਤ ਅਜੇ ਵੀ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਇੰਸਪੈਕਟਰ ਜਗਜੀਤ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਕਰਨ ’ਤੇ ਉਸ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਕੁਆਰਟਰ ’ਚ ਆਏ ਨੌਜਵਾਨ ਦੀ ਕੁੱਟਮਾਰ ਕੀਤੀ ਸੀ। ਜਿਸ ਦੌਰਾਨ ਉਸ ਦੀ ਮੌਤ ਹੋ ਗਈ ਅਤੇ ਡਰ ਦੇ ਮਾਰੇ ਉਕਤ ਵਿਅਕਤੀਆਂ ਨੇ ਥਾਣੇ ਨਹੀਂ ਗਏ ਅਤੇ ਮਿ੍ਰਤਕ ਨੌਜਵਾਨ ਦੀ ਲਾਸ਼ ਨੂੰ ਕੱਪੜੇ ’ਚ ਲਪੇਟ ਕੇ ਐਕਟਿਵਾ ਸਕੂਟੀ ’ਤੇ ਰੱਖ ਕੇ ਕੋਠੇ ਖੰਜੂਰਾਂ ਸੇਮ ਪੁਲ ਦੇ ਨੇੜੇ ਇੱਕ ਫੈਕਟਰੀ ਦੇ ਪਿੱਛੇ ਸੁੱਟ ਆਏ ਸਨ। ਅਜੇ ਤੱਕ ਮਿ੍ਰਤਕ ਦੀ ਪਹਿਚਾਣ ਨਹੀਂ ਹੋ ਸਕੀ।