ਜਗਰਾਓਂ , 4 ਅਗਸਤ ( ਭਗਵਾਨ ਭੰਗੂ, ਜਗਰੂਪ ਸੋਹੀ, ਮੋਹਿਤ ਜੈਨ )- ਵੀਰਵਾਰ ਦੁਪਹਿਰ ਸਮੇਂ ਘਰ ’ਚ ਦਾਖਲ ਹੋ ਕੇ 19 ਸਾਲਾ ਲੜਕੀ ਦਾ ਚਾਕੂ ਮਾਰ ਕੇ ਕਤਲ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਘਟਨਾ ਦੇ ਕੁਝ ਘੰਟਿਆਂ ਅੰਦਰ ਹੀ ਕਾਬੂ ਕਰ ਲਿਆ ਅਤੇ ਉਸ ਕੋਲੋਂ ਚਾਕੂ ਵੀ ਬਰਾਮਦ ਕਰ ਲਿਆ ਗਿਆ। ਐਸ.ਐਸ.ਪੀ ਨਵਨੀਤ ਸਿੰਘ ਬੈਂਸ ਨੇ ਪ੍ਰੈੱਸ ਕਾਨਫਰੰਸ ’ਚ ਦੱਸਿਆ ਕਿ ਪਿੰਡ ਚੀਮਨਾ ਦੀ ਰਹਿਣ ਵਾਲੀ 19 ਸਾਲਾ ਲੜਕੀ ਗੁਰਮਨਜੋਤ ਕੌਰ ਦੀ ਦੋਸਤੀ ਪਿੰਡ ਚੀਮਨਾ ਦੇ ਹੀ 24 ਸਾਲਾ ਲੜਕੇ ਗੁਰਕੀਰਤ ਸਿੰਘ ਨਾਲ ਸੀ। ਦੋਵਾਂ ਦੀ ਦੋਸਤੀ ਕਰੀਬ 3 ਸਾਲ ਪਹਿਲਾਂ ਸੋਸ਼ਲ ਸਾਈਟ ਸਨੈਪਚੈਟ ਰਾਹੀਂ ਹੋਈ ਸੀ। ੋਵੇਂ ਅਕਸਰ ਇੱਕ ਦੂਜੇ ਨੂੰ ਮਿਲਦੇ ਰਹਿੰਦੇ ਸਨ। ਗੁਰਕੀਰਤ ਸਿੰਘ ਵੀਰਵਾਰ ਦੁਪਹਿਰ ਨੂੰ ਗੁਰਮਨਜੋਤ ਕੌਰ ਨੂੰ ਉਸਦੇ ਘਰ ਮਿਲਣ ਚਲਾ ਗਿਆ। ਉਸ ਸਮੇਂ ਉਹ ਘਰ ਦੇ ਪਸ਼ੂਆਂ ਵਾਲੇ ਬਾੜੇ ਵਿਚ ਇਕੱਲੀ ਸੀ। ਦੋਵਾਂ ਨੇ ਕਰੀਬ 15 ਮਿੰਟ ਤੱਕ ਗੱਲਬਾਤ ਵੀ ਕੀਤੀ। ਇਸ ਦੌਰਾਨ ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਗੁਰਕੀਰਤ ਸਿੰਘ ਜੋ ਪਹਿਲਾਂ ਹੀ ਆਪਣੇ ਨਾਲ ਚਾਕੂ ਲੈ ਕੇ ਆਇਆ ਸੀ, ਨੇ ਉਸ ਦੀ ਗਰਦਨ ’ਤੇ ਸਾਹਮਣੇ ਤੋਂ ਵਾਰ ਕੀਤਾ ਅਤੇ ਫਿਰ ਸਰੀਰ ਦੇ ਹੋਰ ਹਿੱਸਿਆਂ ’ਤੇ ਵੀ ਕਈ ਵਾਰ ਕੀਤੇ ਅਤੇ ਗੁਰਮਨਜੋਤ ਕੌਰ ਦੀ ਮੌਕੇ ਤੇ ਹੀ ਮੌਤ ਹੋ ਗਈ।
ਵੱਖ-ਵੱਖ ਟੀਮਾਂ ਨੇ ਕੀਤਾ ਕੰਮ-
ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪਿਤਾ ਨਿਰਪਾਲ ਸਿੰਘ ਦੇ ਬਿਆਨਾਂ ’ਤੇ ਕਤਲ ਦਾ ਮੁਕਦਮਾ ਦਰਜ ਕਰਨ ਉਪਰੰਤ ਇਸ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਲਈ ਐਸਪੀ ਹੈੱਡ ਕੁਆਟਰ ਮਨਵਿੰਦਰ ਸਿੰਘ ਅਤੇ ਡੀਐਸਪੀ ਸਤਵਿੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਟੀਮਾਂ ਦਾ ਗਠਨ ਕੀਤਾ ਗਿਆ। ਜਿਸ ਵਿਚ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਹੀਰਾ ਸਿੰਘ ਅਤੇ ਥਾਣਾ ਸਦਰ ਦੇ ਇੰਚਾਰਜ ਇੰਸਪੈਕਟਰ ਅਮਰਜੀਤ ਸਿੰਘ ਸ਼ਾਮਲ ਹਨ। ਜਿਨ੍ਹਾਂ ਨੇ ਵੱਖ-ਵੱਖ ਪਹਿਲੂਆਂ ’ਤੇ ਕੰਮ ਕੀਤਾ। ਸੀਸੀਟੀਵੀ ਕੈਮਰੇ ਦੀ ਫੁਟੇਜ ਅਤੇ ਮੋਬਾਈਲ ਫੋਨ ਦੀ ਲੋਕੇਸ਼ਨ ਚੈੱਕ ਕਰਦੇ ਹੋਏ ਮੁਲਜ਼ਮ ਗੁਰਕੀਰਤ ਸਿੰਘ ਨੂੰ ਦੇਰ ਸ਼ਾਮ ਚੌਕੀਮਾਨ ਬੱਸ ਸਟੈਂਡ ਤੋਂ ਕਾਬੂ ਕਰ ਲਿਆ ਗਿਆ। ਪੁੱਛਗਿੱਛ ਦੌਰਾਨ ਉਸ ਕੋਲੋਂ ਵਾਰਦਾਤ ਵਿਚ ਵਰਤਿਆ ਗਿਆ ਚਾਕੂ ਵੀ ਉਸ ਦੇ ਘਰੋਂ ਬਰਾਮਦ ਹੋਇਆ।
ਆਈਲਿਟਸ ਕਰਕੇ ਵਿਦੇਸ਼ ਜਾਣਾ ਚਾਹੁੰਦੀ ਸੀ –
ਗੁਰਮਨਜੋਤ ਕੌਰ ਆਈਲਿਟਸ ਕਰਨ ਤੋਂ ਬਾਅਦ ਵਿਦੇਸ਼ ਜਾਣਾ ਚਾਹੁੰਦੀ ਸੀ। ਉਸਦੀ ਇੱਕ ਭੂਆ ਕੈਨੇਡਾ ਵਿੱਚ ਰਹਿੰਦੀ ਹੈ ਅਤੇ ਇੱਕ ਅਮਰੀਕਾ ਵਿੱਚ। ਹਾਲ ਹੀ ਵਿੱਚ ਉਸਨੇ ਆਈਲੈਟਸ ਦੀ ਪ੍ਰੀਖਿਆ ਵੀ ਦਿੱਤੀ ਸੀ, ਜਿਸ ਦਾ ਨਤੀਜਾ ਆਉਣਾ ਬਾਕੀ ਸੀ।