ਜਗਰਾਓਂ, 16 ਅਗਸਤ ( ਭਗਵਾਨ ਭੰਗੂ, ਜਗਰੂਪ ਸੋਹੀ )-ਜਗਰਾਓਂ ਵਿਖੇ ਐਨਆਰਆਈ ਪਰਿਵਾਰ ਦੀ ਕੋਠੀ ਤੇ ਕਬਜ਼ੇ ਦਾ ਮਾਮਲਾ ਅਜੇ ਸੁਰਖੀਆਂ ਵਿਚ ਹੀ ਹੈ ਹੁਣ ਸ਼ੇਰਪੁਰ ਰੋਡ ਤੇ ਸਮਸ਼ਾਨਘਾਟ ਦੇ ਨਜ਼ਦੀਕ ਇਕ ਕੌਂਸਲਰ ਦੀ ਦੁਕਾਨ ਤੇ ਕਬਜੇ ਦਾ ਮਾਮਲਾ ਸਾਹਮਣੇ ਆ ਗਿਆ ਹੈ। ਦੁਕਾਨ ਤੇ ਹੋਏ ਕਬਜ ਤੋਂ ਬਾਅਦ ਮਹਿਲਾ ਕੌਂਸਲਰ ਦੇ ਪੁੱਤਰ ਐਡਵੋਕੇਟ ਅੰਕੁਸ਼ ਧੀਰ ਵਲੋਂ ਦਿਤੀ ਗਈ ਦਰਖਾਸਤ ਦੀ ਪੜਤਾਲ ਲਈ ਜਾਂਚ ਅਧਿਕਾਰੀ ਐਸਪੀ ਮਨਵਿੰਦਰ ਸਿੰਘ ਮੌਕੇ ਤੇ ਪਹੁੰਚੇ। ਉਨ੍ਹਾਂ ਦੋਵਾਂ ਧਿਰਾਂ ਨੂੰ ਉਥੇ ਬੁਲਾਇਆ ਹੋਇਆ ਸੀ ਅਤੇ ਪੁੱਛ ਪੜਤਾਲ ਤੋਂ ਬਾਅਦ ਉਹ ਉਕਤ ਵਿਵਾਦਿਤ ਦੁਕਾਨ ਦੀ ਚਾਬੀ ਆਪਣੇ ਨਾਲ ਲੈ ਗਏ ਅਤੇ ਜਲਦੀ ਹੀ ਇਸ ਸੰਬੰਧੀ ਬਣਦੀ ਕਾਨੂੰਨੀ ਕਾਰਵਾਈ ਦਾ ਭਰੋਸਾ ਪੀੜਤ ਧਿਰ ਨੂੰ ਦਿਤਾ। ਦੁਕਾਨ ਤੇ ਕਬਜਾ ਹੋਣ ਉਪਰੰਤ ਐਡਵੋਕੇਟ ਅੰਕੁਸ਼ ਧੀਰ ਪੁੱਤਰ ਸ਼੍ਰੀ ਬਲਦੇਵ ਕ੍ਰਿਸ਼ਨ ਧੀਰ ਵਾਸੀ ਗਲੀ ਨੰਬਰ, 6 ਸ਼ਾਸਤਰੀ ਨਗਰ, ਜਗਰਾਉ ਵਲੋਂ ਦਿਤੀ ਗਈ ਦਰਖਾਸਤ ਵਿਚ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਦੀ ਇੱਕ ਦੁਕਾਨ ਸ਼ੇਰਪੁਰਾ ਰੋਡ ਉਪਰ ਸ਼ਮਸ਼ਾਨਘਾਟ ਨੇੜੇ ਬਣੀ ਹੋਈ ਹੈ। ਜਿੱਥੇ ਉਸਦਾ ਬਤੌਰ ਵਕੀਲ ਦਫਤਰ ਬਣਿਆ ਹੋਇਆ ਹੈ ਅਤੇ ਇਹ ਦੁਕਾਨ ਕਾਫੀ ਪੁਰਾਣੀ ਹੈ। ਉਨ੍ਹਾਂ ਦੀ ਦੁਕਾਨ ਤੇ ਸੁਖਦੀਪ ਸਿੰਘ ਉਰਫ ਸੁੱਖ ਸਨੀ ਅਤੇ ਘੁੱਦਾ ਨਿਵਾਸੀ ਜਗਰਾਉਂ ਅਤੇ ਟੋਨੀ ਨਿਵਾਸੀ ਸੇਰਪੁਰ ਰੋਡ ਜਗਰਾਉਂ ਅਤੇ ਉਸਦੇ ਨਾਲ ਆਏ 7/8 ਅਣਪਛਾਤੇ ਸਾਥੀਆਂ ਵੱਲੋਂ ਦੁਕਾਨ ਦੇ ਤਾਲੇ ਭੰਨਕੇ ਦੁਕਾਨ ਵਿੱਚ ਪਿਆ ਸਮਾਨ ਖੁਰਦ ਬੁਰਦ ਕਰਕੇ ਦੁਕਾਨ ਉਪਰ ਲੱਗਿਆ ਵਕੀਲ ਦਾ ਬੋਰਡ ਪਾੜ ਦਿਤਾ ਅਤੇ ਦੁਕਾਨ ਵਿਚ ਪਈ ਨਗਦੀ ਵੀ ਨਾਲ ਲੈ ਗਏ। ਇਸਦੇ ਨਾਲ ਹੀ ਸ਼ਿਕਾਇਤਕਰਤਾ ਨੂੰ ਜਾਨੋ ਮਾਰਨ ਦੀਆਂ ਧਮਕੀਆ ਦਿਤੀਆਂ ਗਈਆਂ। ਐਸਐਸਪੀ ਨੂੰ ਦਿਤੀ ਇਸ ਸ਼ਿਕਾਇਤ ਦੀ ਪੜਤਾਲ ਐਸ ਪੀ ਹੈਡ ਕਵਾਟਰ ਨੂੰ ਸੌਂਪੀ ਸੀ। ਜਿਸਦੀ ਪੜਤਾਲ ਲਈ ਉਹ ਅੱਜ ਮੌਕੇ ਤੇ ਪਹੁੰਚੇ ਸਨ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ, ਕੌਂਸਲਰ ਰਵਿੰਦਰਪਾਲ ਸਿੰਘ ਰਾਜੂ, ਅਮਨ ਕਪੂਰ ਬੌਬੀ, ਵਿਕਰਮ ਜੱਸੀ, ਐਡਵੋਕੇਟ ਸੰਦੀਪ ਗੁਪਤਾ, ਐਡਵੋਕੇਟ ਅਵਤਾਰ ਸਿੰਘ ਅਤੇ ਰੂਬੀ ਤੋਂ ਇਲਾਵਾ ਹੋਰ ਮੌਜੂਦ ਸਨ। ਇਸ ਸੰਬੰਧੀ ਐਸ ਪੀ ਐਚ ਮਨਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਦੁਕਾਨ ਦੇ ਝਗੜੇ ਸੰਬੰਧੀ ਸ਼ਿਕਾਇਤ ਦੀ ਪੜਤਾਲ ਲਈ ਮੌਕੇ ਤੇ ਗਏ ਸਨ। ਸ਼ਿਕਾਇਤ ਦੀ ਪੜਤਾਲ ਕੀਤੀ ਜਾ ਰਹੀ ਹੈ। ਜੋ ਵੀ ਅਸਲੀਅਤ ਸਾਹਮਣੇ ਆਏਗੀ ਉਸਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।